PAU ਨੇ ਪੰਜਾਬ ਦੇ ਕਿਸਾਨਾਂ ਨੂੰ ਪੰਜ ਨਵੀਆਂ ਕਿਸਮਾਂ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵੱਲੋਂ ਆਉਂਦੇ ਹਾੜੀ ਸੀਜ਼ਨ ਲਈ ਵੱਖ-ਵੱਖ ਫਸਲਾਂ ਦੀਆਂ ਪੰਜ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ । ਇਹਨਾਂ ਵਿਚ ਕਣਕ ਦੀਆਂ ਤਿੰਨ ਕਿਸਮਾਂ ਪੀ ਬੀ ਡਬਲਯੂ-803, ਪੀ ਬੀ ਡਬਲਯੂ-824 ਅਤੇ ਪੀ ਬੀ ਡਬਲਯੂ-869 ਅਤੇ ਬਰਸੀਮ ਦੀ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਪ੍ਰਮੁੱਖ ਹੈ । ਬੀਤੇ ਦਿਨੀਂ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਰਾਜ ਕਿਸਮ ਪ੍ਰਵਾਨਗੀ ਕਮੇਟੀ ਨੇ ਇਹਨਾਂ ਕਿਸਮਾਂ ਨੂੰ ਪੰਜਾਬ ਵਿਚ ਕਾਸ਼ਤ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ । ਇਹਨਾਂ ਕਿਸਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਵਿਸਥਾਰ ਨਾਲ ਵੇਰਵੇ ਸਾਂਝੇ ਕੀਤੇ ।

ਪੀ. ਬੀ. ਡਬਲਯੂ 803 : ਇਸ ਦਾ ਔਸਤਨ ਕੱਦ 100 ਸੈ.ਮੀ. ਹੈ ਅਤੇ ਇਹ ਕਿਸਮ ਪੱਕਣ ਲਈ 151 ਦਿਨ ਲੈਦੀ ਹੈ। ਇਹ ਕਿਸਮ ਭੂਰੀ ਕੁੰਗੀ ਦਾ ਪੂਰਨ ਤੌਰ ਤੇ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ਤੇ ਟਾਕਰਾ ਕਰ ਸਕਦੀ ਹੈ। ਇਸ ਦਾ ਅੋਸਤਨ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੰਜਾਬ ਦੇ ਦੱਖਣੀ ਪੱਛਮੀ ਇਲਾਕਿਆ (ਬਠਿੰਡਾ, ਫਰੀਦਕੋਟ ਫਾਜਿਲਕਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ) ਲਈ ਸਿਫਾਰਸ਼ ਕੀਤੀ ਗਈ ਹੈ।

ਪੀ. ਬੀ. ਡਬਲਯੂ 824 : ਇਸ ਦਾ ਔਸਤ ਕੱਦ 104 ਸੈ.ਮੀ. ਹੈ ਅਤੇ ਇਹ ਕਿਸਮ ਪੱਕਣ ਲਈ 156 ਦਿਨ ਲੈਦੀ ਹੈ। ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ਤੇ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 23. 3 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੇ ਦਾਣਿਆਂ ਦਾ ਹੈਕਟੋ ਲੀਟਰ ਭਾਰ ਵੱਧ ਹੈ।

ਪੀ. ਬੀ. ਡਬਲਯੂ 869: ਇਹ ਕਿਸਮ ਝੋਨੇ ਦੇ ਵੱਢ ਵਿਚ ਹੈਪੀਸੀਡਰ/ਸੁਪਰ ਸੀਡਰ ਨਾਲ ਬਿਜਾਈ ਕਰਨ ਲਈ ਸਿਫਾਰਸ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 101 ਸੈ.ਮੀ. ਹੈ ਅਤੇ ਇਹ ਕਿਸਮ ਪੱਕਣ ਲਈ 158 ਦਿਨ ਲੈਦੀ ਹੈ। ਇਹ ਕਿਸਮ ਭੂਰੀ ਕੁੰਗੀ ਤੋਂ ਰਹਿਤ ਹੈ ਅਤੇ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ‘ਤੇ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਬਾਕੀ ਸਾਰੀਆਂ ਕਿਸਮਾਂ ਨਾਲੋਂ ਮਟੇ ਹਨ। ਇਸ ਦੀ ਸਿਫਾਰਸ ਬੌਰਲਾਗ ਇੰਸਟੀਚਿਊਟ (ਬੀਸਾ) ਅਤੇ ਪੀ.ਏ.ਯੂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।

ਬਰਸੀਮ
ਬੀ ਐਲ 44 : ਇਹ ਛੇਤੀ ਵਧਣ, ਗੁਣਵੱਤਾ ਭਰਪੂਰ ਅਤੇ ਜਿਆਦਾ ਪੜਸੂਏ ਵਾਲੀ ਕਿਸਮ ਹੈ। ਬੀ ਐਲ 44 ਕਿਸਮ ਦੇ ਹਰੇ ਚਾਰੇ ਦਾ ਝਾੜ ਬੀ ਐਲ 43 ਨਾਲੋਂ 7. 0 ਪ੍ਰਤੀਸਤ ਵੱਧ ਆਇਆ ਹੈ। ਵਧੇਰੇ ਬੀਜ ਉਤਪਾਦਨ ਲਈ ਇਸ ਕਿਸਮ ਦੀ 15 ਅਪ੍ਰੈਲ ਤੋਂ ਬਾਅਦ ਕਟਾਈ ਨਾ ਕਰੋ।

ਜਵੀ
ਓ ਐਲ 15: ਇਹ ਜਵੀ ਦੀ ਇਕ ਕਟਾਈ ਦੇਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸੇਂਜੂ ਇਲਾਕਿਆ ਵਿਚ ਬੀਜਣ ਲਈ ਢੁੱਕਵੀਂ ਹੈ। ਇਸ ਦੇ ਪੌਦੇ ਉੱਚੇ ਹੁੰਦੇ ਹਨ ਅਤੇ ਪੱਤੇ ਲੰਮੇ ਅਤੇ ਚੌੜੇ ਹੁੰਦੇ ਹਨ। ਇਸ ਵਿਚ ਖੁਰਾਕੀ ਤੱਤਾਂ ਦੀ ਮਾਤਰਾ ਓ ਐਲ 12 ਅਤੇ ਕੈਂਟ ਨਾਲੋਂ ਜਿਆਦਾ ਹੁੰਦੀ ਹੈ। ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 319 ਕੁਇੰਟਲ ਪ੍ਰਤੀ ਏਕੜ ਹੈ।

ਟੀਵੀ ਪੰਜਾਬ ਬਿਊਰੋ