ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼, 4.94 ਕਰੋੜ ਰੁਪਏ ਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ

ਡੈਸਕ- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇੰਟਰ ਸਟੇਟ ਨਾਰਕੋਟਿਕਸ ਨੈੱਟਵਰਕ ਦੇ ਤਹਿਤ ਜੰਮੂ-ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਛਾਪੇਮਾਰੀ ਕੀਤੀ। ਇੱਥੋਂ 4.94 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਇੱਕ ਪਿਸਤੌਲ ਵੀ ਮਿਲਿਆ ਹੈ।

ਜੰਮੂ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਮੁਲਜ਼ਮ ਨੂੰ 30 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਕਤ ਮੁਲਜ਼ਮਾਂ ਦੇ ਇਸ਼ਾਰੇ ‘ਤੇ ਪੁਲਿਸ ਨੇ ਛਾਪੇਮਾਰੀ ਕਰਕੇ ਡਰੱਗ ਮਨੀ ਅਤੇ ਜਾਅਲੀ ਨੰਬਰ ਪਲੇਟ ਬਰਾਮਦ ਕੀਤੀ ਹੈ। ਬਰਾਮਦ ਹੋਈਆਂ ਸਾਰੀਆਂ ਨੰਬਰ ਪਲੇਟਾਂ ਵੱਖ-ਵੱਖ ਰਾਜਾਂ ਦੀਆਂ ਹਨ। ਇਸ ਮਾਮਲੇ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਬਾਰੇ ਪੁਲੀਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਅੱਜ ਇਸ ਮਾਮਲੇ ਵਿੱਚ ਕਈ ਖੁਲਾਸੇ ਕਰ ਸਕਦੀ ਹੈ।

ਸੂਤਰਾਂ ਮੁਤਾਬਕ ਮੁਲਜ਼ਮ ਦੀ ਪਛਾਣ ਅਮਨ ਨਾਂ ਤੋਂ ਹੋਈ ਹੈ। ਅਮਨ ਦਸ਼ਮੇਸ਼ ਕਾਲੋਨੀ ਮੁੱਲਾਂਪੁਰ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ ਵੀ ਭਗੌੜਾ ਹੈ ਜੋ ਚੰਡੀਗੜ੍ਹ ਰਹਿੰਦਾ ਹੈ। ਅਮਨ ਇਸੇ ਘਰ ਤੋਂ ਨਸ਼ੇ ਦਾ ਨੈੱਟਵਰਕ ਚਲਾਉਂਦਾ ਹੈ। ਪੁਲਿਸ ਨੇ ਦੇਰ ਰਾਤ ਛਾਪਾ ਮਾਰ ਕੇ ਅਮਨ ਨੂੰ ਫੜ ਲਿਆ। ਮੁਲਜ਼ਮ ਜੰਮੂ ਤੋਂ ਲੁਧਿਆਣਾ ਵਿੱਚ ਨਸ਼ੀਲੇ ਪਦਾਰਥ ਲਗਾਉਂਦਾ ਸੀ। ਛਾਪੇਮਾਰੀ ਦੌਰਾਨ ਮੁਲਜ਼ਮ ਦੇ ਬੈੱਡ ਹੇਠਾਂ ਇੱਕ ਬਕਸੇ ਚੋਂ ਪੁਲਿਸ ਨੇ ਇਹ ਰਕਮ ਬਰਾਮਦ ਕੀਤੀ। ਪੁਲਿਸ ਨੇ ਰੁਪਿਆ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। ਮੁਲਜ਼ਮ ਲੁਧਿਆਣਾ ਵਿੱਚ ਕਈ ਥਾਵਾਂ ’ਤੇ ਨਸ਼ਾ ਸਪਲਾਈ ਕਰਦੇ ਸਨ, ਜਿਸ ਦਾ ਪੁਲਿਸ ਜਲਦੀ ਹੀ ਖੁਲਾਸਾ ਕਰੇਗੀ। ਪੁਲਿਸ ਦੀ ਰੇਡ ਤੋਂ ਪਹਿਲਾਂ ਮੁਲਜ਼ਮ ਅਮਨ ਦੇ ਕੁਝ ਸਾਥੀ ਵੀ ਫਰਾਰ ਹੋ ਗਏ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮ ਛਾਪੇਮਾਰੀ ਕਰ ਰਹੀ ਹੈ।