ਚੰਡੀਗੜ੍ਹ- ਪੰਜਾਬ ਦੀ ਭਗਵੰਤ ਮਾਨ ਸਰਕਾਰ 15 ਅਗਸਤ ਨੂੰ ਪੰਜਾਬ ਦੀਆਂ ਜੇਲ੍ਹਾਂ ਚ ਕੈਦ ਕਰੀਬ ਸੋ ਕੈਦੀਆਂ ਨੂੰ ਰਿਹਾ ਕਰੇਗੀ । ਇਹ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਬੈਠਕ ਉਪਰੰਤ ਮੀਡੀਆ ਅੱਗੇ ਕੀਤਾ ਹੈ ।
ਚੰਡੀਗਡ਼੍ਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਨਵੀਂ ਮੀਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਡਿਫਾਲਟਰ ਮਿੱਲ ਮਾਲਕਾਂ ਨੂੰ ਰਾਹਤ ਨਹੀਂ ਮਿਲੇਗੀ। ਹੁਣ ਸਾਰਾ ਕੰਮ ਆਨਲਾਈਨ ਹੀ ਨਿਪਟਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਰੁਲਣ ਨਹੀਂ ਦਿੱਤੀਆਂ ਜਾਣਗੀਆਂ।
ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ ਦਾ ਕਰਾਰਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਭਗਤ ਸਿੰਘ ਦੀ ਕੁਰਬਾਨੀ ਕਰਕੇ ਹੋਈ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਬਹੁਤ ਗਲਤ ਹੈ। ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਨਾਇਕ ਹਨ ਅਤੇ ਪਾਕਿਸਤਾਨ ਵਿਚ ਵੀ ਭਗਤ ਸਿੰਘ ਦੀ ਪੂਜਾ ਹੁੰਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਸਜ਼ਾ ਪੂਰੀ ਕਰ ਚੁੱਕੇ 100 ਕੈਦੀਆਂ ਨੂੰ ਰਿਹਾਅ ਕੀਤਾ ਜਾਏਗਾ।
ਸੀਐੱਮ ਮਾਨ ਨੇ ਮੀਡ਼ੀਆ ਦੇ ਰੂਬਰੂ ਹੋ ਕੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਜਵੀਜ਼ ਜਾਰੀ ਹੈ ਇਸ ਨੂੰ ਲੈ ਕੇ ਅੱਜ ਵੀ ਸਬ ਕਮੇਟੀ ਦੀ ਬੈਠਕ ਵੀ ਹੋਈ । ਇਸ ਮੌਕੇ ਉਹਨਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਥੋੜਾ ਸਬਰ ਰੱਖਣ। ਉਹਨਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕਾਨੂੰਨੀ ਪੇਚ ਕਾਰਨ ਫਾਈਲਾਂ ਫਸੀਆਂ ਹੋਈਆਂ ਹਨ। ਇਸ ਬਾਰੇ ਗਵਰਨਰ ਨਾਲ ਗੱਲਬਾਤ ਕੀਤੀ ਜਾਵੇਗੀ।
ਭਗਵੰਤ ਮਾਨ ਦੇ ਵਲੋਂ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਏ.ਜੀ ਲਾਉਣ ਬਾਰੇ ਮੁੜ ਐਲਾਨ ਕੀਤਾ ਹੈ ਅਤੇ ਬਿਨਾਂ ਸਿਫਾਰਿਸ਼ ਤੋਂ ਉਨ੍ਹਾਂ ਨੂੰ ਟੀਮ ਦੇਣਗੇ।