ਡੈਸਕ- ਪੰਜਾਬ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਹੋਈ ਖੁੱਲ੍ਹੀ ਬਹਿਸ ਉਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਅਕਾਲੀ ਦਲ ਦਾ ਦਾਅਵਾ ਹੈ ਕਿ ਇਸ ਬਹਿਸ ਉਤੇ 30 ਕਰੋੜ ਖਰਚ ਦਿੱਤਾ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਸ ਬਹਿਸ ਵਿਚ ਆਮ ਆਦਮੀ ਪਾਰਟੀ ਨੇ ਆਪਣੇ ‘ਬੰਦੇ’ ਬਿਠਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ-‘‘ਜਿਹੜੇ ਜਗਸੀਰ ਝਨੇੜੀ ਅਤੇ ਉਸ ਦੇ ਸਾਥੀ 17 ਅਕਤੂਬਰ ਨੂੰ ਭਗਵੰਤ ਮਾਨ ਦੇ ਜਨਮ ਦਿਨ ਉਤੇ ਖੂਨਦਾਨ ਕੈਂਪ ਲਾਉਣ !! 1 ਨਵੰਬਰ ਨੂੰ ਉਹੀ ਸਰੋਤੇ ਹੋਣ, ਸੱਚ ਤੁਹਾਡੇ ਸਾਹਮਣੇ ਹੈ!,
ਲਓ ਜੀ ਸਬੂਤ ਪੰਜਾਬੀਆਂ ਸਾਹਮਣੇ ਹਨ…ਕੌਣ ਸਨ ਮੁੱਖ ਮੰਤਰੀ ਸਾਬ ਭਗਵੰਤ ਮਾਨ ਦੀ ਲੰਘੇ ਕੱਲ੍ਹ ਦੀ ਲੁਧਿਆਣਾ ਬਹਿਸ ਦੇ ਸਰੋਤੇ…ਭਗਵੰਤ ਮਾਨ ਸਰਕਾਰ ਦੇ ਮੰਤਰੀ, ਐਮਐਲਏ ਤੇ ਪਾਰਟੀ ਵਰਕਰ…ਅਸੀਂ ਨਹੀਂ ਕਹਿੰਦੇ….ਤਸਵੀਰਾਂ ਬੋਲਦੀਆਂ ਹਨ…ਜਿਹੜੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਉਹਨਾਂ ਨੂੰ ਤਾਂ ਪੁਲਿਸ ਦੀਆਂ ਡਾਂਗਾ ਨੇ ਬਾਹਰ ਹੀ ਰੋਕੀ ਰੱਖਿਆ…ਵਾਹ ਜੀ ਭਗਵੰਤ ਮਾਨ ਸਾਬ..ਨਹੀਂ ਰੀਸਾਂ ਥੋਡੀਆਂ….30 ਕਰੋੜੀ ਬਹਿਸ !
ਪੰਜਾਬ ਨਹੀਂ ਬੋਲਦਾ, ਭਗਵੰਤ ਮਾਨ ਝੂਠ ਬੋਲਦਾ।’’
ਇਧਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਨੂੰ ਮਹਿਜ਼ ਸਿਆਸੀ ਡਰਾਮਾ ਦੱਸਦਿਆਂ ਪੰਜਾਬ ਦੇ ਮਸਲੇ ਹੱਲ ਕਰਨ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਲਾਂ ਨਾਲ ‘ਆਪ’ ਨੇ ਸਰਕਾਰ ਬਣਾਈ ਹੈ, ਇਸ ਖੁੱਲ੍ਹੀ ਬਹਿਸ ਵਿਚ ਭਗਵੰਤ ਮਾਨ ਨੇ ਮੁੜ ਉਹੀ ਗੱਲਾਂ ਦੁਹਰਾਈਆਂ ਹਨ।