ਚੰਡੀਗੜ੍ਹ- ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਨੇ ‘ਆਪ’ ਵਲੋਂ ਭਾਜਪਾ ‘ਤੇ ਲਗਾਏ ਓਪਰੇਸ਼ਨ ਲੋਟਸ ਦੇ ਇਲਜ਼ਾਮਾਂ ਨੂੰ ਬੇੱਹਦ ਗੰਭੀਰ ਦੱਸਿਆ ਹੈ । ਮਜੀਠੀਆ ਮੁਤਾਬਿਕ ਇਹ ਗੱਲ ਕਿਸੇ ਸਿਆਸੀ ਪਾਰਟੀ ਦੀ ਨਹੀਂ ਬਲਕਿ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਹੈ ।ਮਜੀਠੀਆ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ।ਪੈ੍ਰਸ ਕਾਨਫਰੰਸ ਦੌਰਾਨ ਬਿਕਰਮ ਨੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ‘ਤੇ ਦਰਜ ਪਰਚਿਆਂ ਦੀ ਵੀ ਪੋਲ ਖੋਲੀ ।
ਯੂਥ ਅਕਾਲੀ ਦਲ ਪ੍ਰਧਾਨ ਬਿਕਰਮ ਮਜੀਠੀਆ ਨੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਭਾਜਪਾ ‘ਤੇ ਲਗਾਏ ਇਲਜ਼ਾਮਾਂ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਪੱਧਰ ‘ਤੇ ਡ੍ਰਾਮਾ ਕਰ ਰਹੀ ਹੈ ।ਮਜੀਠੀਆ ਨੇ ਕਿਹਾ ਕਿ ਹਰਪਾਲ ਚੀਮਾ ਨੇ ਜਿਸ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਲ ਕੀਤੀ ਹੈ,ਉਸ’ਤੇ ਧੌਖਾਧੜੀ, ਸ਼ਰਾਬ ਤਸਕਰੀ,ਕਿਡਨੈਪਿੰਗ,ਜੂਆ,ਝੂਠੇ ਸਬੂਤ ਪੇਸ਼ ਕਰਨਾ ਅਤੇ ਲੜਾਈ ਝਗੜੇ ਦੀ ਕਈ ਪਰਚੇ ਦਰਜ ਹਨ ।ਅਕਾਲੀ ਨੇਤਾ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਕਹਿਣ ‘ਤੇ ਹੀ ਪੰਜਾਬ ਦੀ ਲੀਡਰਸ਼ਿਪ ਵਲੋਂ ਇਹ ਡ੍ਰਾਮਾ ਕੀਤਾ ਜਾ ਰਿਹਾ ਹੈ ।
ਬੀ.ਐੱਮ.ਡਬਲਯੁ ਵਲੋਂ ਭਾਰਤ ਚ ਹੋਰ ਯੂਨਿਟ ਨਾ ਲਗਾਏ ਜਾਣ ਦੀ ਖਬਰ ‘ਤੇ ਮਜੀਠੀਆ ਨੇ ਮਾਨ ਸਰਕਾਰ ‘ਤੇ ਖੂਬ ਚੁਟਕੀ ਲਈ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਿਦੇਸ਼ਾਂ ਤੋਂ ਝੂਠੀ ਬਿਆਨ ਜਾਰੀ ਕਰ ਰਹੇ ਹਨ । ਮਜੀਠੀਆ ਨੇ ਕਿਹਾ ਕਿ ਦਰਅਸਲ ਮੁੱਖ ਮੰਤਰੀ ਨੇ ਜਿਸ ਕੰਪਨੀ ਦੀ ਗੱਲ ਕੀਤੀ ਹੈ ਉਸਦਾ ਨਾਂ ਬੀ.ਐੱਮ.ਡਬਲਯੁ ਨਹੀਂ ਸਗੋਂ ਭਗਵੰਤ ਮੋਟਰ ਵਰਕਸ ਹੈ ।