ਉਲੰਪਿਕ ਮਹਿਲਾ ਹਾਕੀ : ਭਾਰਤੀ ਕੁੜੀਆਂ ਨਹੀਂ ਰਚ ਸਕੀਆਂ ਇਤਿਹਾਸ, ਗ੍ਰੇਟ ਬ੍ਰਿਟੇਨ ਤੋਂ ਤਕੜੇ ਮੁਕਾਬਲੇ ਦੌਰਾਨ 4-3 ਨਾਲ ‌ਹਾਰੀਆਂ

ਟੋਕੀਓ : ਉਲੰਪਿਕ ਮਹਿਲਾ ਹਾਕੀ ਵਿਚ ਭਾਰਤੀ ਕੁੜੀਆਂ ਦਮਦਾਰ ਵਾਪਸੀ ਦੇ ਬਾਵਜੂਦ ਮੈਡਲ ਪ੍ਰਾਪਤ ਕਰਨ ਤੋਂ ਖੁੰਝ ਗਈਆਂ। ਭਾਰਤੀ ਕੁੜੀਆਂ ਅੱਜ ਦੇਸ਼ ਵਾਸੀਆਂ ਦੀਆਂ ਉਮੀਦਾਂ ਪੂਰਾ ਕਰਨ ਵਿਚ ਉਸ ਵੇਲੇ ਅਸਫ਼ਲ ਰਹੀਂਆਂ, ਜਦੋਂ ਉਹ ਕਾਂਸੀ ਦੇ ਤਗਮੇ ਲਈ ਖੇਡੇ ਗਏ ਮੈਚ ਵਿਚ ਗ੍ਰੇਟ ਬ੍ਰਿਟੇਨ ਪਾਸੋਂ 4-3 ਨਾਲ ਮਾਤ ਖਾ ਗਈਆਂ।

ਭਾਰਤੀ ਕੁੜੀਆਂ ਇਕ ਵਾਰ ਤਾਂ ਸਾਬਕਾ ਚੈਂਪੀਅਨ ਗ੍ਰੇਟ ਬ੍ਰਿਟੇਨ ਦੀਆਂ ਕੁੜੀਆਂ ਤੋਂ 3 -2 ਦੀ ਲੀਡ ਬਨਾਉਣ ਵਿਚ ਕਾਮਯਾਬ ਹੋ ਗਈਆਂ ਸਨ ਪਰ‌ ਵਾਰ ਵਾਰ ਗ੍ਰੇਟ ਬ੍ਰਿਟੇਨ ਦੇ ਅਸਫ਼ਲ ਕਰਦੇ ਪੈਨਲਟੀ ਕਾਰਨਰਾਂ ਚੋਂ ਇਕ ਸਫਲ ਹੋ ਗਿਆ। ਉਂਝ ਦੇਸ਼ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਕੁੜੀਆਂ ਪਹਿਲੀ ਵਾਰ ਉਲੰਪਿਕ ਖੇਡਾਂ ਦੌਰਾਨ ਚੌਥੀ ਪੁਜੀਸ਼ਨ ਪ੍ਰਾਪਤ ਕਰਨ ਵਿਚ ਕਾਮਯਾਬ ਹੋਈਆਂ ਹਨ।

ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ : ਮੋਦੀ

ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਮਹਿਲਾ ਹਾਕੀ ਟੀਮ ‘ਤੇ ਸਾਨੂੰ ਮਾਣ ਹੈ। ਅਸੀਂ ਟੋਕੀਓ ਉਲੰਪਿਕ ਵਿਚ ਸਾਡੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ। ਅਸੀਂ ਮਹਿਲਾ ਹਾਕੀ ‘ਚ ਤਗਮੇ ਤੋਂ ਵਾਂਝੇ ਰਹੇ ਪਰ ਇਹ ਟੀਮ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦੀ ਹੈ। ਟੋਕੀਓ ਉਲੰਪਿਕ 2020 ਵਿਚ ਉਨ੍ਹਾਂ ਦੀ ਸਫਲਤਾ ਹੋਰ ਧੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ।

ਹਰਿਆਣਾ ਦੀਆਂ 9 ਮਹਿਲਾ ਹਾਕੀ ਖਿਡਾਰਨਾਂ ਨੂੰ ਮਿਲੇਗਾ 50-50 ਲੱਖ ਰੁਪਏ ਦਾ ਇਨਾਮ

ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਹਰਿਆਣਾ ਦੀਆਂ 9 ਮਹਿਲਾ ਹਾਕੀ ਖਿਡਾਰਨਾਂ ਨੂੰ 50-50 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਇਹ ਐਲਾਨ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ।

ਟੀਵੀ ਪੰਜਾਬ ਬਿਊਰੋ