ਕਿਊਬਕ ’ਚ ਹੜਤਾਲ ’ਤੇ ਜਾਣਗੇ ਲੱਖਾਂ ਕਰਮਚਾਰੀ

Montreal- ਕਿਊਬਿਕ ਸਰਕਾਰ ਸਾਲ ਦੇ ਅੰਤ ਤੱਕ ਯੂਨੀਅਨ ਨੇਤਾਵਾਂ ਨਾਲ ਗੱਲਬਾਤ ਨੂੰ ਸਮੇਟਣ ਦੀ ਕੋਸ਼ਿਸ਼ ’ਚ ਜਨਤਕ ਖੇਤਰ ਦੇ ਕਰਮਚਾਰੀਆਂ ਦੇ ਵੇਤਨ ’ਚ ਪੰਜ ਸਾਲਾਂ ਦੌਰਾਨ 13.3 ਪ੍ਰਤੀਸ਼ਤ ਤੱਕ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਕੁਝ ਯੂਨੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾਅ ਦਿੱਤਾ।
ਸਰਕਾਰ ਦੀ ਨਵੀਨਤਮ ਪੇਸ਼ਕਾਰੀ ਮੁਤਾਬਕ ਬੇਸਿਕ ਵੇਤਨ ’ਚ 10.3 ਫ਼ੀਸਦੀ ਦਾ ਵਾਧਾ ਹੋਵੇਗਾ। ਇਹ ਵਾਧਾ ਸਰਕਾਰ ਦੀ ਪਿਛਲੀ ਪੇਸ਼ਕਸ਼ ਨਾਲੋਂ ਸਿਰਫ ਇੱਕ ਫ਼ੀਸਦੀ ਵੱਧ ਹੈ, ਜਦੋਂਕਿ ਕਿ ਕੁਝ ਨੌਕਰੀਆਂ ’ਚ ਵਾਧੂ 2.5 ਤੋਂ 3 ਫ਼ੀਸਦੀ ਵਾਧੇ ਦਾ ਲਾਭ ਮਿਲੇਗਾ।
ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਨੇਤਾਵਾਂ, ਜਿਸ ਨੂੰ ਫਰੰਟ ਕਮਿਊਨ ਵਜੋਂ ਜਾਣਿਆ ਜਾਂਦਾ ਹੈ ਅਤੇ ਜਿਹੜਾ ਕਿ ਸਿਹਤ, ਸਿੱਖਿਆ ਅਤੇ ਸਮਾਜਿਕ ਸੇਵਾਵਾਂ ਦੇ ਖੇਤਰਾਂ ’ਚ 420,000 ਕਰਮਚਾਰੀਆਂ ਦੀ ਨੁਮਾਇੰਦਗੀ ਕਰਦੇ ਹਨ, ਨੇ ਐਤਵਾਰ ਸਵੇਰੇ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰ ਰਹੇ ਹਨ। ਉਨ੍ਹਾਂ ਨੇ ਕੰਮ ਕਰਨ ਦੀਆਂ ਬਿਹਤਰ ਸਥਿਤੀਆਂ ਦੇ ਨਾਲ ਅਗਲੇ ਤਿੰਨ ਸਾਲਾਂ ’ਚ 20 ਫ਼ੀਸਦੀ ਦੇ ਕਰੀਬ ਵਾਧੇ ਦੀ ਮੰਗ ਕੀਤੀ ਹੈ। ਆਪਣੀਆਂ ਇਨ੍ਹਾਂ ਮੰਗਾਂ ਦੇ ਚੱਲਦਿਆਂ ਲੱਖਾਂ ਮਜ਼ਦੂਰ ਨਵੰਬਰ ’ਚ ਦਿਨ ਭਰ ਦੀ ਹੜਤਾਲ ’ਤੇ ਜਾਣਗੇ। 400,000 ਜਨਤਕ ਖੇਤਰ ਦੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਕਿਊਬਿਕ ਯੂਨੀਅਨਾਂ 6 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ।
ਕਿਊਬਿਕ ਖਜ਼ਾਨਾ ਬੋਰਡ ਦੀ ਪ੍ਰਧਾਨ ਸੋਨੀਆ ਲੇਬੇਲ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਹੈਰਾਨ ਹੈ ਕਿ ਯੂਨੀਅਨਾਂ ਨੇ ਕਿੰਨੀ ਜਲਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਉਨ੍ਹਾਂ ਆਖਿਆ ਕਿ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਇਹ ਚੌਥੀ ਗੰਭੀਰ ਪੇਸ਼ਕਸ਼ ਸੀ। ਸੋਨੀਆ ਨੇ ਕਿਹਾ ਕਿ ਅਸੀਂ ਕੁੱਲ 8 ਬਿਲੀਅਨ ਡਾਲਰ ਦੀ ਇਸ ਪੇਸ਼ਕਸ਼ ’ਤੇ 1 ਬਿਲੀਅਨ ਤੋਂ ਵੱਧ ਦੀ ਪੇਸ਼ਕਸ਼ ਕਰ ਰਹੇ ਹਾਂ ਅਤੇ ਇਹ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਲਗਭਗ 15 ਪ੍ਰਤੀਸ਼ਤ ਵਾਧਾ ਹੈ।
ਉੱਧਰ ਇਸ ਬਾਰੇ ’ਚ ਸਾਂਝੇ ਮੋਰਚੇ ਨੂੰ ਬਣਾਉਣ ਵਾਲੀਆਂ ਚਾਰ ਯੂਨੀਅਨਾਂ ’ਚੋਂ ਇੱਕ ਸੈਂਟਰਲ ਡੇਸ ਸਿੰਡੀਕੇਟਸ ਡੂ ਕਿਊਬੇਕ ਦੇ ਪ੍ਰਧਾਨ ਏਰਿਕ ਗਿੰਗਰਸ ਨੇ ਸੂਬਾ ਸਰਕਾਰ ਵਲੋਂ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਕੀਤੀ ਗਈ ਇਸ ਪੇਸ਼ਕਸ਼ ਨੂੰ ‘ਕਰਮਚਾਰੀਆਂ ਮੂੰਹ ’ਤੇ ਥੱਪੜ’ ਦੇ ਬਰਾਬਰ ਕਿਹਾ। ਗਿੰਗਰਸ ਦੇ ਅਨੁਸਾਰ, ਪ੍ਰਸਤਾਵਿਤ 10.3 ਫ਼ੀਸਦੀ ਦਾ ਵਾਧਾ ਕੁਝ ਸਾਲਾਂ ’ਚ ਅਨੁਮਾਨਿਤ ਮਹਿੰਗਾਈ ਦਰਾਂ ਨੂੰ ਕਾਇਮ ਰੱਖਣ ’ਚ ਅਸਫਲ ਰਹੇਗਾ। ਉਨ੍ਹਾਂ ਆਖਿਆ ਕਿ ਸਾਂਝਾ ਮੋਰਚਾ ਅਗਲੇ ਕੁਝ ਦਿਨ ਕਿਸੇ ਸਮਝੌਤੇ ’ਤੇ ਪਹੁੰਚਣ ਦੀ ਕੋਸ਼ਿਸ਼ ’ਚ ਬਿਤਾਏਗਾ ਪਰ ਨੇੜਲੇ ਭਵਿੱਖ ’ਚ ਨਵੀਂ ਜਵਾਬੀ ਪੇਸ਼ਕਸ਼ ਕਰਨ ਦਾ ਇਰਾਦਾ ਨਹੀਂ ਹੈ।