ਲੈਂਗਲੀ ‘ਚ ਅੱਧੀ ਰਾਤੀਂ ਚੱਲੀਆਂ ਗੋਲੀਆਂ, ਇੱਕ ਦੀ ਮੌਤ

Langley- ਮੰਗਲਵਾਰ ਰਾਤੀਂ ਲੈਂਗਲੀ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਇਸ ਨੂੰ ਟਾਰਗੇਟ ਸ਼ੂਟਿੰਗ ਕਰਾਰ ਦੇ ਰਹੀ ਹੈ।
ਲੈਂਗਲੀ ਆਰ. ਸੀ. ਐੱਮ. ਪੀ. ਮੁਤਾਬਕ, ਅਧਿਕਾਰੀਆਂ ਨੂੰ ਰਾਤੀਂ ਕਰੀਬ 11:30 ਵਜੇ ਬ੍ਰਾਇਡਨ ਕ੍ਰੈਸੈਂਟ, 55 ਐਵੇਨਿਊ ਅਤੇ 200 ਸਟਰੀਟ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੇ ਐਮਰਜੈਂਸੀ ਕਰਮਚਾਰੀਆਂ ਨੂੰ ਇੱਕ ਵਿਅਕਤੀ ਗੰਭੀਰ ਹਾਲਤ ‘ਚ ਮਿਲਿਆ, ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ‘ਤੇ ਹੀ ਮੌਤ ਹੋ ਗਈ।
Integrated Homicide Investigation Team (IHIT) ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 40 ਸਾਲ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਇੱਕ ਮਲਟੀ-ਰਿਹਾਇਸ਼ੀ ਕੰਪਲੈਕਸ ਦੀ ਇਕ ਯੂਨਿਟ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ।
ਪੁਲਿਸ ਨੇ ਰਾਤ 10 ਵਜੇ ਤੋਂ ਅੱਧੀ ਰਾਤ ਤੱਕ ਦੇ ਸਮੇਂ ਦੌਰਾਨ ਇਲਾਕੇ ‘ਚ ਮੌਜੂਦ ਗਵਾਹਾਂ ਜਾਂ ਵੀਡੀਓ ਰਿਕਾਰਡਿੰਗ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।