Maui- ਅਮਰੀਕਾ ਦੇ ਹਵਾਈ ’ਚ ਸਥਿਤ ਮਾਉਈ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੱਗ ਨੂੰ ਅਮਰੀਕਾ ਦੇ 100 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ। ਇੱਥੇ ਹੁਣ ਅੱਗ ਦੇ ਬੁਝਣ ਨਾਲ ਲੋਕਾਂ ਦਾ ਗ਼ੁੱਸਾ ਭੜਕਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਹੁਣ ਅੱਗ ਦੇ ਰਿਹਾਇਸ਼ੀ ਇਲਾਕਿਆਂ ’ਚ ਪਹੁੰਚਣ ਤੋਂ ਪਹਿਲਾਂ ਸਾਇਰਨ ਨਾ ਵਜਾਉਣ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਵਲੋਂ ਇਸ ਮਾਮਲੇ ’ਚ ਮਾਉਈ ਸੰਕਟਕਾਲੀਨ ਪ੍ਰਬੰਧਨ ਏਜੰਸੀ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਇਸੇ ਵਿਚਾਲੇ ਵੀਰਵਾਰ ਨੂੰ ਏਜੰਸੀ ਦੇ ਮੁਖੀ ਹਰਮਨ ਅੰਦਿਆ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ ਸਿਹਤ ਕਾਰਨਾਂ ਨੂੰ ਦੱਸਿਆ ਹੈ। ਇਸ ਅਸਤੀਫ਼ੇ ਮਗਰੋਂ ਮਾਉਈ ਕਾਊਂਟੀ ਨੇ ਫੇਸਬੁੱਕ ’ਤੇ ਇਸ ਗੱਲ ਦਾ ਐਲਾਨ ਕੀਤਾ ਕਿ ਮੇਅਰ ਰਿਚਰਡ ਬਿਸੇਨ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਬਿਸੇਨ ਨੇ ਕਿਹਾ, ‘‘ਅਸੀਂ ਜਿਸ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਉਸ ਦੀ ਗੰਭੀਰਤਾ ਨੂੰ ਦੇਖਦਿਆਂ ਮੈਂ ਅਤੇ ਮੇਰੀ ਟੀਮ ਜਲਦੀ ਤੋਂ ਜਲਦੀ ਕਿਸੇ ਨੂੰ ਇਸ ਮਹੱਤਵਪੂਰਨ ਅਹੁਦੇ ’ਤੇ ਨਿਯੁਕਤ ਕਰਾਂਗੇ ਅਤੇ ਮੈਂ ਜਲਦੀ ਹੀ ਇਸ ਦਾ ਐਲਾਨ ਕਰਨ ਲਈ ਉਤਸੁਕ ਹਾਂ।’’
ਦੱਸ ਦਈਏ ਜਦੋਂ ਬੀਤੀ 8 ਅਗਸਤ ਨੂੰ ਮਾਉਈ ਦੇ ਜੰਗਲ ’ਚ ਅੱਗ ਲੱਗੀ ਤਾਂ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਘਰ ਛੱਡਣ ਲਈ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ, ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਆਊਟਡੋਰ ਸਾਇਰਨ ਚਿਤਾਵਨੀ ਪ੍ਰਣਾਲੀਆਂ ’ਚੋਂ ਕਿਸੇ ਨੇ ਵੀ ਕੋਈ ਸਾਇਰਨ ਨਹੀਂ ਵਜਾਇਆ। ਅੰਦਿਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸਾਇਰਨ ਨਾ ਵਜਾਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਅੱਗ ਦੀ ਲਪਟਾਂ ਵੱਲ ਭੱਜ ਜਾਣਗੇ। ਉਨ੍ਹਾਂ ਕਿਹਾ, ‘‘ਜਨਤਾ ਨੂੰ ਸਾਇਰਨ ਵੱਜਣ ਦੀ ਸਥਿਤੀ ’ਚ ਉੱਚੀਆਂ ਥਾਵਾਂ ਦੀ ਤਲਾਸ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।” ਉਨ੍ਹਾਂ ਕਿਹਾ ਕਿ ਇਹ ਦੇਖਦਿਆਂ ਹੋਇਆਂ ਸਾਇਰਨ ਦੀ ਵਰਤੋਂ ਵਧੇਰੇ ਕਰਕੇ ਸੁਨਾਮੀ ਅਤੇ ਹੋਰ ਆਫ਼ਤਾਂ ਲਈ ਕੀਤੀ ਜਾਂਦੀ ਹੈ। ਉੱਧਰ ਹਵਾਈ ਦੇ ਅਟਾਰਨੀ ਜਨਰਲ ਐਨੀ ਲੋਪੇਜ਼ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਇਸ ਘਾਤਕ ਜੰਗਲੀ ਅੱਗ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ।