SYL ਮੁੱਦੇ ‘ਤੇ ਕੇਂਦਰੀ ਮੰਤਰੀ ਸ਼ੇਖਾਵਤ ਨੇ 4 ਜਨਵਰੀ ਨੂੰ ਬੁਲਾਈ CM ਮਾਨ ਤੇ ਖੱਟਰ ਦੀ ਬੈਠਕ

ਡੈਸਕ- ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ਵਿਚ ਆ ਸਕਦਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ SYL ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਦੀ 4 ਜਨਵਰੀ ਨੂੰ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ 15 ਅਕਤੂਬਰ ਨੂੰ ਮਿਲ ਚੁੱਕੇ ਹਨ ਪਰ ਦੋਵੇਂ ਹੀ ਬੇਨਤੀਜਾ ਰਹੇ। ਹੁਣ ਇਹ ਕੋਸ਼ਿਸ਼ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ 15 ਅਕਤੂਬਰ ਨੂੰ ਹਰਿਆਣਾ ਨਿਵਾਸ ‘ਤੇ ਮਿਲੇ ਸਨ ਜਿਥੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਸੀ ਕਿ ਸੂਬੇ ਕੋਲ ਕਿਸੇ ਵੀ ਦੂਜੇ ਸੂਬੇ ਨੂੰ ਦੇਣ ਵਾਲੇ ਇਕ ਬੂੰਦ ਵੀ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ SYL ਨੂੰ ਬਣਾਉਣ ਦਾ ਮੁੱਦਾ ਉਦੋਂ ਸਾਹਮਣੇ ਆਏਗਾ ਜੇਕਰ ਪੰਜਾਬ ਕੋਲ ਦੇਣੀ ਲਈ ਪਾਣੀ ਹੋਵੇਗਾ।

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਨੇ ਕਿਹਾ ਕਿ ਇਸ ਮੁੱਦੇ ‘ਤੇ ਇਹ ਉਨ੍ਹਾਂ ਦੀ ਆਖਰੀ ਬੈਠਕ ਸੀ। ਉਹ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਇਸ ਬਾਰੇ ਦੱਸ ਦੇਣਗੇ ਤੇ ਜੇਕਰ ਕੇਂਦਰ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਦਖਲ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਆਪਣੀ ਪਤਨੀ ਨਾਲ ਰਾਜਸਥਾਨ ਵਿਚ ਛੁੱਟੀਆਂ ਬਿਤਾਉਣ ਗਏ ਹੋਏ ਹਨ। ਉਨ੍ਹਾਂ ਦੇ ਸ਼ਨੀਵਾਰ ਨੂੰ ਪਰਤਣ ਦੀ ਉਮੀਦ ਹੈ। ਇਸ ਦਰਮਿਆਨ ਸੂਬਾ ਸਰਕਾਰ ਨੇ ਇਸ ਬੈਠਕ ਵਿਚ ਆਪਣਾ ਪੱਖ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਵਿਚ ਅਦਾਲਤ ਨੇ ਇਹ ਹੁਕਮ ਦਿੱਤਾ ਹੈ ਕਿ ਦੋਵੇਂ ਪੱਖ ਮਿਲ ਕੇ ਇਸ ਮੁੱਦੇ ਦਾ ਹੱਲ ਕਰਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਇਸ ਵਿਚ ਦਖਲ ਦੇਣ ਨੂੰ ਕਿਹਾ ਹੈ।

ਹਰਿਆਣਾ ਦਾ ਦਾਅਵਾ ਹੈ ਕਿ ਉਸ ਨੂੰ 3.5 ਮਿਲੀਅਨ ਏਕੜ ਫੁੱਟ ਪਾਣੀ ਮਿਲਣਾ ਚਾਹੀਦਾ ਹੈ। ਜੇਕਰ SYL ਨਹਿਰ ਦਾ ਨਿਰਮਾਣ ਪੂਰਾ ਹੋ ਜਾਂਦਾ ਹੈ ਤਾਂ ਇਹ ਪਾਣੀ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਸਮੇਂ ਹਰਿਆਣਾ ਨੂੰ ਪਹਿਲਾਂ ਹੀ 1.62 ਐੱਮਏਐੱਫ ਪਾਣੀ ਮਿਲ ਰਿਹਾ ਹੈ। ਬਾਕੀ ਪਾਣੀ SYL ਨਹਿਰ ਜ਼ਰੀਏ ਹਰਿਆਣਾ ਨੂੰ ਮਿਲਣਾ ਹੈ।