ਡੈਸਕ- ਚੰਡੀਗੜ੍ਹ ਦੇ ਸੈਕਟਰ 11 ਵਿੱਚ ਸਥਿਤੀ ਕੁੱਝ ਮੈਡੀਕਲ ਸਟੋਰ ਦੀਆਂ ਦੁਕਾਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੁਕਾਨਾਂ ‘ਤੇ ਕੰਮ ਕਰਦੇ ਮੁਲਾਜ਼ਮ ਇੱਕ ਦੂਜੇ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇੱਥੇ ਤੱਕ ਕੀ ਦੁਕਾਨ ਦੇ ਅੰਦਰੋ ਕੁਰਸੀਆਂ ਲਿਆ ਕੇ ਇੱਕ ਦੂਜੇ ਦੇ ਮਾਰ ਰਹੇ ਹਨ।
ਦਰਅਸਲ ਪੂਰਾ ਮਾਮਲਾ ਇਹ ਹੈ ਕਿ ਸੈਕਟਰ 11 ਵਿੱਚ ਇਹ ਮੈਡੀਕਲ ਲੈਬ ਵਾਲੇ ਆਉਂਦੇ ਜਾਂਦੇ ਲੋਕਾਂ ਵਿਚੋਂ ਗਾਹਕਾਂ ਨੂੰ ਲੱਭ ਕੇ ਆਪੋ ਆਪਣੀ ਦੁਕਾਨ ‘ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਗਾਹਕਾਂ ਨੂੰ ਆਪਣੀ ਦੁਕਾਨ ‘ਤੇ ਲੈ ਕੇ ਆਉਣ ਦੇ ਲਈ ਇਹ ਮੈਡੀਕਲ ਸਟੋਰ ਦੇ ਇਹ ਕਰਮਚਾਰੀ ਸਭ ਤੋਂ ਸਸਤੀ ਦਵਾਈ ਦੇਣ ਦਾ ਦਾਅਵਾ ਕਰ ਰਹੇ ਸਨ। ਇਸ ਦੌਰਾਨ ਇਹ ਮੁਲਾਜ਼ਮ ਆਪਸ ਵਿੱਚ ਭਿੜ ਜਾਂਦੇ ਹਨ।
ਇਹ ਵੀਡੀਓ ਭੀੜ ‘ਚ ਖੜ੍ਹੇ ਇੱਕ ਵਿਅਕਤੀ ਵੱਲੋਂ ਰਿਕਾਰਡ ਕਰ ਲਈ ਗਈ ਸੀ। ਜੋ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਾਈ ਇੰਨੀ ਵੱਧ ਗਈ ਕਿ ਮੁਲਾਜ਼ਮ ਇੱਟਾਂ, ਪੱਥਰਾਂ ਅਤੇ ਕੁਰਸੀਆਂ ਸਮੇਤ ਜੋ ਵੀ ਸਮਾਨ ਹੱਥ ਆਇਆ ਉਸ ਨਾਲ ਕੁੱਟਮਾਰ ਕਰਨ ਲੱਗ ਪਏ ਸਨ।
ਚੰਡੀਗੜ੍ਹ ਦੇ ਸੈਕਟਰ-11 ਵਿੱਚ ਕਈ ਮੈਡੀਕਲ ਲੈਬਾਂ ਹਨ। ਪੀਜੀਆਈ ਹੋਣ ਕਾਰਨ ਇੱਥੇ ਕਈ ਮਰੀਜ਼ ਆਪਣੀ ਜਾਂਚ ਕਰਵਾਉਣ ਲਈ ਆਉਂਦੇ ਹਨ। ਇਸ ਲਈ ਹਰ ਲੈਬ ਦੇ ਬਾਹਰ ਦੁਕਾਨ ਮਾਲਕਾਂ ਨੇ ਆਪਣੇ ਬੰਦੇ ਬੈਠਾਏ ਹੁੰਦੇ ਹਨ, ਤਾਂ ਜੋ ਉਹ ਗਾਹਕਾਂ ਨੂੰ ਆਪਣੇ ਵੱਲ ਬੁਲਾ ਸਕਣ। ਇਹ ਲੜਾਈ ਵੀ ਇੱਕ ਅਜਿਹੇ ਗਾਹਕ ਨੂੰ ਆਪਣੇ ਵੱਲ ਬੁਲਾਉਣ ਕਾਰਨ ਹੋਈ।
ਲੜਾਈ ਨੂੰ ਵਧਦਾ ਦੇਖ ਉਥੇ ਮੌਜੂਦ ਹੋਰ ਦੁਕਾਨਦਾਰਾਂ ਨੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਦੇ ਵੱਖ-ਵੱਖ ਬਿਆਨ ਦਰਜ ਕੀਤੇ। ਪਰ ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਆਪਸੀ ਸਮਝੌਤਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ।