ਜਲੰਧਰ – ਇੰਟੈਲੀਜੈਂਸ ਹੈੱਡਕਵਾਟਰ ‘ਤੇ ਰਾਕੇਟ ਹਮਲੇ ਨੂੰ ਲੈ ਕੇ 18 ਦੇ ਕਰੀਬ ਟੀਮਾਂ ਜਾਂਚ ਚ ਲੱਗੀਆਂ ਹੋਇਆਂ ਹਨ । ਕਰੀਬ 18 ਲੋਕਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸੇ ਵਿਚਕਾਰ ਖਬਰ ਮਿਲੀ ਹੈ ਕਿ ਪੁਲਿਸ ਵਲੋਂ ਫਰੀਦਕੋਟ ਤੋਂ ਤਰਨਤਾਰਨ ਦੇ ਥਾਣਾ ਭਿਖੀਵਿੰਡ ਦੇ ਪਿੰਡ ਕੁੱਲਾ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਇਸ ਨੂੰ ਵੱਡੀ ਸਫਲਤਾ ਮੰਨ ਰਹੀ ਹੈ । ਨਿਸ਼ਾਨ ਸਿੰਘ ‘ਤੇ ਨਸ਼ਾ ਅਤੇ ਆਰਮਸ ਐਕਟ ਦੇ ਪਰਚੇ ਦਰਜ ਹਨ ।ਪੁਲਿਸ ਵਲੋਂ ਕੜੀ ਦਰ ਕੜੀ ਜੌੜ ਕੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ।ਨਿਸ਼ਾਨ ਸਿੰਘ ਨੂੰ ਹਮਲਾਵਰਾਂ ਦਾ ਬਤੌਰ ਮਦਦਗਾਰ ਦੱਸਿਆ ਜਾ ਰਿਹਾ ਹੈ ।ਵੱਖ ਵੱਖ ਏਜੰਸੀਆਂ ਵਲੋਂ ਆਪਣੇ ਆਪਣੇ ਪੱਧਰ ‘ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।
ਦੂਜੇ ਪਾਸੇ ਪੁਲਿਸ ਨੂੰ ਘਟਨਾ ਚ ਵਰਤਿਆ ਗਿਆ ਰਾਕੇਟ ਲਾਂਚਰ ਘਟਨਾ ਵਾਲੀ ਥਾਂ ਤੋਂ 400 ਮੀਟਰ ਦੀ ਦੂਰੀ ‘ਤੇ ਬਰਾਮਦ ਹੋਇਆ ਹੈ ।ਇਹ ਲਾਂਚਰ ਰੂਸ ‘ਚ ਬਣਿਆ ਹੋਇਆ ਹੈ ।ਕਰੀਬ 18 ਹਜ਼ਾਰ ਮੋਬਾਇਲ ਪੁਲਿਸ ਵਲੋਂ ਟ੍ਰੇਸ ਕੀਤੇ ਜਾ ਰਹੇ ਹਨ ।ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇੰਟੈਲੀਜੈਂਸ ਦਫਤਰ ‘ਤੇ ਹਮਲਾ ਕਰ ਨਾਲ ਹੀ ਪੰਜਾਬ ਦਾ ਬਾਰਡਰ ਟੱਪ ਗਏ । ਕਈ ਟੀਮਾਂ ਬਾਰਡਰ ਦੇ ਵੱਖ ਵੱਖ ਟੋਲ ਪਲਾਜ਼ਿਆਂ ‘ਤੇ ਜਾਂਚ ਕਰ ਰਹੀ ਹੈ ।
ਜਾਂਚ ਏਜੰਸੀਆਂ ਇਸ ਹਮਲੇ ਨੂੰ ਪਾਕਿਸਤਾਨ ਚ ਬੈਠੇ ਬੱਬਰ ਖਾਲਸਾ ਦੇ ੳੱਤਵਾਦੀ ਹਰਵਿੰਦਰ ਰਿੰਟਾ ਨਾਲ ਵੀ ਜੋੜ ਕੇ ਵੇਖ ਰਹੀ ਹੈ । ਪਿਛਲੇ ਦਿਨੀ ਹਰਿਆਣਾ ਤੋਂ ਕਾਬੂ ਕੀਤੇ ਗਏ ਚਾਰ ਅੱਤਵਾਦੀ ਰਿੰਟਾ ਲਈ ਹੀ ਹਥਿਆਰ ਸਪਲਾਈ ਦਾ ਕੰਮ ਕਰਦੇ ਸਨ । ਰਿੰਟਾ ਪਾਕਿਸਤਾਨ ਤੋਂ ਡਰੋਨ ਰਾਹੀਨ ਮਾਰੂ ਹਥਿਆਰ ਅਤੇ ਵਿਸਫੋਟਕ ਇਨਾਂ ਨੂੰ ਦਿੰਦਾ ਸੀ ।