ਡੈਸਕ- ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲੈ ਲਿਆ ਹੈ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁਕਣ ਲਈ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਮੁਹੰਮਦ ਯੂਨਸ ਪੈਰਿਸ ਤੋਂ ਬੰਗਲਾਦੇਸ਼ ਪਰਤ ਆਏ ਹਨ।
ਯੂਨਸ ਨੇ ਕਿਹਾ ਕਿ ਸਰਕਾਰ ਸ਼ੇਖ ਹਸੀਨਾ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਮਾਈਕ੍ਰੋ-ਕ੍ਰੈਡਿਟ ’ਤੇ ਮਹੱਤਵਪੂਰਨ ਕੰਮ ਲਈ 2006 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਯੂਨਸ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੁਆਰਾ ਸੰਸਦ ਨੂੰ ਭੰਗ ਕਰਨ ਤੋਂ ਬਾਅਦ ਅੰਤਰਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੇ ਵਿਆਪਕ ਵਿਰੋਧ ਵਿਚਕਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਦੇਸ਼ ਛੱਡ ਦਿਤਾ ਸੀ। ਉਲੰਪਿਕ ਖੇਡਾਂ ਲਈ ਪੈਰਿਸ ਗਏ ਯੂਨਸ ਦੁਬਈ ਦੇ ਰਸਤੇ ਘਰ ਪਰਤ ਆਏ ਹਨ।
ਯੂਨਸ ਨੂੰ ਲੈ ਕੇ ਅਮੀਰਾਤ ਦੀ ਉਡਾਣ (ਈਕੇ-582) ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀ। ਹਵਾਈ ਅੱਡੇ ’ਤੇ ਪ੍ਰੈੱਸ ਕਾਨਫ਼ਰੰਸ ’ਚ ਯੂਨਸ ਨੇ ਹਸੀਨਾ ਵਿਰੁਧ ਅੰਦੋਲਨ ਨੂੰ ਸਫ਼ਲ ਬਣਾਉਣ ਵਾਲੇ ਨੌਜਵਾਨਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ, ‘ਸਾਨੂੰ ਦੂਜੀ ਵਾਰ ਆਜ਼ਾਦੀ ਮਿਲੀ ਹੈ। ਸਾਨੂੰ ਇਸ ਆਜ਼ਾਦੀ ਦੀ ਰਾਖੀ ਕਰਨੀ ਪਵੇਗੀ।” ਯੂਨਸ ਨੇ ਕਿਹਾ, “ਦੇਸ਼ ਹੁਣ ਤੁਹਾਡੇ ਹੱਥਾਂ ਵਿਚ ਹੈ। ਹੁਣ ਤੁਹਾਨੂੰ ਇਸ ਨੂੰ ਅਪਣੀਆਂ ਇੱਛਾਵਾਂ ਅਨੁਸਾਰ ਦੁਬਾਰਾ ਬਣਾਉਣਾ ਪਵੇਗਾ। ਦੇਸ਼ ਦੇ ਨਿਰਮਾਣ ਲਈ ਤੁਹਾਨੂੰ ਅਪਣੀ ਰਚਨਾਤਮਕਤਾ ਦੀ ਵਰਤੋਂ ਕਰਨੀ ਪਵੇਗੀ। ਤੁਸੀਂ ਦੇਸ਼ ਲਈ ਆਜ਼ਾਦੀ ਹਾਸਲ ਕੀਤੀ ਹੈ।’’
ਯੂਨਸ ਨੇ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਦੌਰਾਨ ਪੈਦਾ ਹੋਈ ਅਰਾਜਕਤਾ ਤੋਂ ਦੇਸ਼ ਨੂੰ ਬਚਾਉਣ ਲਈ ਕਿਹਾ। ਬੰਗਲਾਦੇਸ਼ ਇਕ ਬਹੁਤ ਸੁੰਦਰ ਦੇਸ਼ ਹੋ ਸਕਦਾ ਹੈ ਅਤੇ ਅਸੀਂ ਇਸ ਨੂੰ ਬਣਾ ਸਕਦੇ ਹਾਂ। ਉਸ ਨੇ ਅਬੂ ਸਈਦ ਨੂੰ ਵੀ ਸ਼ਰਧਾਂਜਲੀ ਦਿਤੀ, ਜੋ ਵਿਤਕਰੇ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਪੁਲਿਸ ਗੋਲੀਬਾਰੀ ਵਿਚ ਮਾਰੇ ਗਏ ਪਹਿਲੇ ਲੋਕਾਂ ਵਿਚੋਂ ਇਕ ਸੀ।