ਜਲੰਧਰ- ਸ਼ਨਿਚਰਵਾਰ ਨੂੰ ਲੁਧਿਆਣਾ ਤੇ ਆਸਪਾਸ ਦੇ ਇਲਾਕਿਆਂ ’ਚ ਬੂੰਦਾਬਾਂਦੀ ਹੋ ਸਕਦੀ ਹੈ। ਇਸ ਤੋਂ ਬਾਅਦ ਐਤਵਾਰ ਤੇ ਸੋਮਵਾਰ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 19 ਜੁਲਾਈ ਤੋਂ ਮੌਨਸੂਨ ਹੋਰ ਸਰਗਰਮ ਹੋਵੇਗਾ ਤੇ ਤੇਜ਼ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਵਿੱਚ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ ਅਤੇ ਪਟਿਆਲਾ ਸ਼ਾਮਲ ਹਨ। ਦੂਜੇ ਪਾਸੇ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਦਿਨ ਦੀ ਸ਼ੁਰੂਆਤ ਬੱਦਲ ਛਾਏ ਰਹਿਣ ਦੇ ਨਾਲ ਹੋਈ। ਸਾਰਾ ਦਿਨ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ ਹੁੰਮਸ ਵੀ ਹੁੰਦੀ ਗਈ। ਹਵਾਵਾਂ ਚੱਲਣ ਨਾਲ ਸ਼ਹਿਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 26.6 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ’ਚ ਨਮੀ ਦੀ ਮਾਤਰਾ 59 ਫੀਸਦੀ ਤੇ ਸ਼ਾਮ ਦੇ ਸਮੇਂ 67 ਫੀਸਦੀ ਰਹੀ। ਪੀਏਯੂ ਮੌਸਮ ਵਿਭਾਗ ਦੀ ਹੈੱਡ ਪੀਕੇ ਕਿੰਗਰਾ ਨੇ ਕਿਹਾ ਕਿ 17 ਤੇ 18 ਜੁਲਾਈ ਨੂੰ ਲੁਧਿਆਣਾ ’ਚ ਹਲਕੀ ਬਾਰਿਸ਼ ਤੇ 19 ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਹੋਈ ਬਰਸਾਤ ਤੋਂ ਬਾਅਦ ਪਿੰਡ ਬਿੱਲਿਆਂਵਾਲਾ ਨੇੜੇ ਛੋਟੀ ਨਹਿਰ ਅਚਾਨਕ ਟੁੱਟ ਜਾਣ ਕਾਰਨ ਪਿੰਡ ਬਿੱਲਿਆਂਵਾਲਾ, ਸਰਹਾਲੀ, ਚੋਹਲਾ ਸਾਹਿਬ, ਖਾਰਾ ਦੀ ਕਰੀਬ 300 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਅਤੇ ਫਸਲਾਂ ਦਾ ਨੁਕਸਾਨ ਹੋ ਗਿਆ। ਪਿੰਡ ਬਿੱਲਿਆਂਵਾਲਾ ਦੇ ਵਸਨੀਕ ਕਿਸਾਨ ਜਗਜੀਤ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚੋਂ ਲਗਾਤਾਰ ਚਾਰ ਸਾਲਾਂ ਤੋਂ ਨਹਿਰ ਟੁੱਟਦੀ ਹੈ ਕਿਉਂਕਿ ਨਹਿਰ ਦੇ ਕਿਨਾਰਿਆਂ ਦੀ ਸਮੇਂ-ਸਮੇਂ ’ਤੇ ਮੁਰੰਮਤ ਨਹੀਂ ਕੀਤੀ ਜਾਂਦੀ।