ਅੰਮ੍ਰਿਤਸਰ- ਕਾਂਗਰਸੀ ਸਾਂਸਦ ਜਸਬੀਰ ਡਿੰਪਾ ਦੇ ਟਵੀਟ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਦੇ ਭਰਾ ਰਾਜਨ ਗਿੱਲ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ.ਗਿੱਲ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਸਾਰੇ ਨੇਤਾਵਾਂ ਦਾ ਪਾਰਟੀ ਚ ਸਵਾਗਤ ਕੀਤਾ.ਇਸ ਦੌਰਾਨ ਰਾਜਨ ਗਿੱਲ ਨੇ ਕਾਂਗਰਸ ਪਾਰਟੀ ‘ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ.
ਸਾਂਸਦ ਡਿੰਪਾ ਦੇ ਭਰਾ ਨੂੰ ਆਪਣੇ ਖੇਮੇ ਚ ਸ਼ਾਮਿਲ ਕਰਨ ‘ਤੇ ਸੁਖਬੀਰ ਬਾਦਲ ਗਦਗਦ ਨਜ਼ਰ ਆਏ.ਉਨਾਂ ਕਿਹਾ ਕਿ ਡਿੰਪਾ ਭਰਾਵਾਂ ਦਾ ਲੋਕਾਂ ਚ ਖਾਸ ਪ੍ਰਭਾਵ ਹੈ ਅਤੇ ਰਾਜਨ ਗਿੱਲ ਦੇ ਪਾਰਟੀ ਚ ਆਉਣ ਨਾਲ; ਅਕਾਲੀ ਦਲ ਮਾਝੇ ਚ ਹੋਰ ਮਜ਼ਬੂਤ ਹੋ ਗਿਆ ਹੈ.
ਤੁਹਾਨੂੰ ਦੱਸ ਦਈਏ ਕਿ ਰਾਜਨ ਗਿੱਲ ਵਲੋਂ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਚੋਣ ਨਿਸ਼ਾਨ ਹੇਠ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੀ ਗੱਲ ਕੀਤੀ ਜਾ ਰਹੀ ਸੀ.ਦੂਜੇ ਪਾਸੇ ਰਮਨਜੀਤ ਸਿੱਕੀ ਵਲੋਂ ਕਾਂਗਰਸ ਅਤੇ ਆਜ਼ਾਦ ਦੋਹਾਂ ਰੂਪਾਂ ਚ ਆਪਣੀ ਨਾਮਜ਼ਦਗੀ ਭਰੀ ਗਈ ਸੀ.ਏਨ ਮੌਕੇ ‘ਤੇ ਸਿੱਕੀ ਨੂੰ ਕਾਂਗਰਸ ਵਲੋਂ ਹਰੀ ਝੰਡੀ ਮਿਲ ਗਈ.ਜਿਸ ਤੋਂ ਬਾਅਦ ਸਾਂਸਦ ਡਿੰਪਾ ਸਮੇਤ ਉਨ੍ਹਾਂ ਦੇ ਭਰਾ ਰਾਜਨ ਗਿੱਲ ਕਾਂਗਰਸ ਤੋਂ ਨਾਰਾਜ਼ ਹੋ ਗਏ.