ਡੈਸਕ- ਗਾਇਕ ਬਨਾਮ ਗੈਂਗਸਟਰਾਂ ਦੀ ਲੜਾਈ ਚ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਆ ਗਏ ਹਨ ।ਸਾਂਸਦ ਬਿੱਟੂ ਨੇ ਇਕ ਬਿਆਨ ਜਾਰੀ ਕਰਕੇ ਪੰਜਾਬੀ ਗਾਇਕਾਂ ਨੂੰ ਨਸੀਹਤ ਦਿੱਤੀ ਹੈ । ਚੰਡੀਗੜ੍ਹ ਪੁਲਿਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਦੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਗਾਇਕ ਨਿਸ਼ਾਨੇ ਉਤੇ ਸਨ ਜਾਂ ਨਹੀਂ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਸਿੰਗਰ ਵੀ ਘੱਟ ਨਹੀਂ। ਇਹ ਵੀ ਇਕ ਦੂਜੇ ਨੂੰ ਦਬਾਉਣ ਲਈ ਫੋਨ ਕਰਵਾਉਂਦੇ ਹਨ। ਦੂਜੇ ਨੂੰ ਥੱਲੇ ਲਾਉਣ ਲਈ ਕਿਸੇ ਹੋਰ ਤੋਂ ਫੋਨ ਕਰਵਾਉਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਵੀ ਬਾਜ਼ ਆਉਣਾ ਚਾਹੀਦਾ ਹੈ। ਮੈਨੂੰ ਕਈ ਸਿੰਗਰਾਂ ਦਾ ਪਤਾ ਹੈ ਜੋ ਇਹ ਕੰਮ ਰੋਜ਼ ਕਰਦੇ ਹਨ। ਜਦੋਂ ਤੁਸੀਂ ਸੀਨੀਅਰ ਹੋ ਜਾਂਦੇ ਹੋ, ਵੱਡੇ ਹੋ ਜਾਂਦੇ ਹੋ ਤਾਂ ਤੁਸੀਂ ਅਜਿਹੇ ਕੰਮਾਂ ਵਿਚੋਂ ਨਿਕਲੋ। ਅੱਗੇ ਕਿੱਡਾ ਨੁਕਸਾਨ ਸਿੱਧੂ ਮੂਸੇਵਾਲੇ ਦਾ ਹੋ ਗਿਆ ਹੈ। ਅੱਜ ਉਨ੍ਹਾਂ ਦੇ ਮਾਪੇ ਰੋਜ਼ ਨਿਆਂ ਲਈ ਥੱਕੇ ਖਾ ਰਹੇ ਹਨ। ਇਸ ਲਈ ਤੁਸੀਂ (ਸਿੰਗਰ) ਵੀ ਹਟਜੋ। ਇਹ ਦੱਸੋ ਕਿ ਗੈਂਗਸਟਰ ਤੁਹਾਡੇ ਪਿੱਛੇ ਪੈਂਦੇ ਕਿਉਂ ਹਨ। ਜਦੋਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਬੰਦੂਕਾਂ ਚੱਕਣ ਲਈ ਉਤਸ਼ਾਹਿਤ ਕਰਕੇ ਸੀ, ਉਹ ਸਮਾਂ ਤੁਹਾਨੂੰ ਯਾਦ ਨਹੀਂ। ਤੁਸੀਂ ਹੀ ਇਹ ਬੀਜ਼ ਬਿਜਿਆ ਹੈ। ਇਹ ਸਭ ਤੁਸੀਂ ਹੀ ਸਿਖਾਇਆ ਹੈ, ਹੁਣ ਭੱਜੇ ਫਿਰਦੇ ਹੋ ਨਾ। ਇਹ ਸਭ ਤੁਹਾਡੀਆਂ ਕਰਤੂਤਾਂ ਹਨ। ਸਭ ਤੋਂ ਵੱਡੇ ਦੋਸ਼ੀ ਤੁਸੀਂ ਹੋ। ਅੱਜ ਤੁਹਾਡੇ ਘਰਦੇ ਤੇ ਆਪ ਲੁਕੇ ਫਿਰਦੇ ਹੋ।
ਦੱਸ ਦਈਏ ਕਿ ਪੁਲਿਸ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਪਿਸਤੌਲ, 23 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਨੂੰ ਬੱਤਾ (29) ਵਾਸੀ ਪਿੰਡ ਬੁੜੈਲ, ਅਮਨ ਕੁਮਾਰ ਉਰਫ਼ ਵਿੱਕੀ (29) ਵਾਸੀ ਪੰਚਕੂਲਾ, ਸੰਜੀਵ ਉਰਫ ਸੰਜੂ (23) ਅਤੇ ਕਮਲਦੀਪ ਉਰਫ ਕਿੰਮੀ (26) ਵਾਸੀ ਮਲੋਆ ਵਜੋਂ ਹੋਈ ਹੈ।
ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਗਰੋਹ ਨੂੰ ਕੈਨੇਡਾ ਤੋਂ ਲੱਕੀ ਪਟਿਆਲ, ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ਤੋਂ ਲਾਲੀ ਵ੍ਹਟਸਐੱਪ ਅਤੇ ਸੋਸ਼ਲ ਮੀਡੀਆ ਰਾਹੀਂ ਚਲਾ ਰਹੇ ਸਨ।