ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ
ਕਾਂਗਰਸ ਦੇ ਨਵੇਂ ਬਣੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਮੌਕੇ ਕਾਂਗਰਸ ਦੇ ਵਿਚ ਕਈ ਰੰਗ ਦੇਖਣ ਨੂੰ ਮਿਲੇ। ਇਸ ਮੌਕੇ ਜਿਥੇ ਕਾਂਗਰਸੀ ਆਗੂਆਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਦੁਨੀਆ ਨੂੰ ਇਹ ਦਿਖਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਵਿਚਾਲੇ ਹੁਣ ਕੋਈ ਮਤਭੇਦ ਨਹੀਂ ਅਤੇ ਉਹ ਪੰਜਾਬ ਦੇ ਭਲੇ ਨੂੰ ਲੈ ਕੇ ਇਕੱਠੇ ਹਨ ਪਰ ਇਸ ਸਭ ਦੇ ਬਾਵਜੂਦ ਅਸਲੀਅਤ ਸਾਹਮਣੇ ਆਉਣੋਂ ਨਹੀਂ ਰਹਿ ਸਕੀ।
ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਦੇ ਬਾਹਰੀ ਮਸਲਿਆਂ ਦੀ ਗੱਲ ਕੀਤੀ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਅੰਦਰੂਨੀ ਮਸਲਿਆਂ ਨੂੰ ਰਿੜਕਣ ਦਾ ਯਤਨ ਕੀਤਾ। ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਨੂੰ ਇਹ ਜਤਾਉਣ ਦਾ ਯਤਨ ਕੀਤਾ ਕਿ ਅੰਦਰੂਨੀ ਸਮੱਸਿਆਵਾਂ ਦੀ ਬਜਾਏ ਪੰਜਾਬ ਦੇ ਦਰਪੇਸ਼ ਬਾਹਰੀ ਸਮੱਸਿਆਵਾਂ ਜ਼ਿਆਦਾ ਵੱਡੀਆਂ ਹਨ। ਜਿਵੇਂ ਕਿ ਚਾਈਨਾ ਦੇ ਨਾਲ ਭਾਰਤ ਦੀ ਖਿੱਚੋਤਾਣ ਅਤੇ ਪਾਕਿਸਤਾਨ ਦੇ ਨਾਲ ਅੱਤਵਾਦ ਦੇ ਮਸਲੇ। ਆਪਣੇ ਭਾਸ਼ਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਮਸਲਿਆਂ ਬਾਰੇ ਕੈਪਟਨ ਨੇ ਵਧੇਰੇ ਫੋਕਸ ਰੱਖਿਆ ਅਤੇ ਕਿਹਾ ਕਿ ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਦੀ ਕਰੀਬ 600 ਕਿਲੋਮੀਟਰ ਦੀ ਸਰਹੱਦ ਅੱਤਵਾਦ ਦੇ ਖ਼ਤਰੇ ਤੋਂ ਖਾਲੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਦਿਨ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਲਈ ਵੱਡੀ ਚੁਣੌਤੀ ਹੈ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਇਕਸੁਰਤਾ ਦੇ ਉਸੇ ਸਾਜ਼ ੳੁੱਤੇ ਵੱਖਰੇ ਸੁਰ ਕੱਢਦਿਆਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਮਸਲਾ, ਈਟੀਟੀ ਅਧਿਆਪਕਾਂ ਦੇ ਪੱਕੇ ਹੋਣ ਦਾ ਮਸਲਾ, ਕੰਡਕਟਰਾਂ ਵੱਲੋਂ ਪੱਕੇ ਹੋਣ ਲਈ ਲਗਾਏ ਜਾ ਧਰਨਿਆਂ ਦਾ ਮਸਲਾ, ਖੇਤੀ ਕਾਨੂੰਨਾਂ ਦੇ ਵਿਰੋਧ ਸੜਕਾਂ ‘ਤੇ ਬੈਠੇ ਕਿਸਾਨਾਂ ਦਾ ਮਸਲਾ ਅਤੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੇਚੇ ਗਏ ਚਿੱਟੇ ਦੇ ਮਸਲੇ ਨੂੰ ਜ਼ੋਰ ਦੇ ਕੇ ਉਭਾਰਿਆ। ਨਵਜੋਤ ਸਿੰਘ ਸਿੱਧੂ ਨੇ ਇੱਥੋਂ ਤਕ ਕਹਿ ਦਿੱਤਾ ਕਿ ਪ੍ਰਧਾਨਗੀ ਦਾ ਮਕਸਦ ਅਤੇ ਮਤਲਬ ਸਿਰਫ਼ ਤੇ ਸਿਰਫ਼ ਪੰਜਾਬ ਦੇ ਇਨ੍ਹਾਂ ਮਸਲਿਆਂ ਹੱਲ ਕਰਨਾ ਹੀ ਹੈ ਵਰਨਾ ਪ੍ਰਧਾਨਗੀ ਦਾ ਕੋਈ ਮਤਲਬ ਨਹੀਂ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਪਾਕਿਸਤਾਨ ਨੂੰ ਲੈ ਕੇ ਦੋਸਤਾਨਾਂ ਵਿਚਾਰਾਂ ਦੇ ਧਾਰਨੀ ਹਨ ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਪੰਜਾਬ ਅਤੇ ਭਾਰਤ ਦੀ ਤਰੱਕੀ ਪਾਕਿਸਤਾਨ ਦੀਆਂ ਬਰੂਹਾਂ ਤੋਂ ਹੋ ਕੇ ਗੁਜ਼ਰਦੀ ਹੈ। ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਚੀਨ ਵੱਲੋਂ ਬਣਾਇਆ ਜਾ ਰਿਹਾ ਇਕਨਾਮਿਕ ਕਾਰੀਡੋਰ ਪੰਜਾਬ ਦੀ ਤਰੱਕੀ ਦਾ ਮੁੱਖ ਮਾਰਗ ਹੈ। ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਆਉਣ ਵਾਲੇ ਪੰਜਾਬ ਦਾ ਭਵਿੱਖ ਪਾਕਿਸਤਾਨ ਦੇ ਨਾਲ ਦੋਸਤੀ ਦੇ ਵਿੱਚ ਹੈ ਨਾ ਕਿ ਦੁਸ਼ਮਣੀ ਦੇ ਵਿਚ ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਪੁਰਾਣੀਆਂ ਧਾਰਨਾਵਾਂ ਅਨੁਸਾਰ ਪਾਕਿਸਤਾਨ ਨਾਲ ਦੁਸ਼ਮਣੀ ਨਿਭਾਉਣ ਦੀ ਗੱਲ ਕਰਨ ਤੋਂ ਪਿੱਛੇ ਨਹੀਂ ਹਟੇ।
ਇਸ ਤਰ੍ਹਾਂ ਤਾਜਪੋਸ਼ੀ ਸਮਾਗਮ ਦੌਰਾਨ ਇਨ੍ਹਾਂ ਦੋਹਾਂ ਆਗੂਆਂ ਨੇ ਭਾਵੇਂ ਕਿ ਕਾਂਗਰਸ ਦੀ ਇਕਜੁੱਟਤਾ ਅਤੇ ਇਕਸੁਰਤਾ ਦਾ ਇੱਕੋ ਸਾਜ਼ ਵਜਾਇਆ ਪਰ ਇਸ ਸਾਜ਼ ਵਿਚੋਂ ਸੁਰ ਵੱਖੋ ਵੱਖਰੇ ਹੀ ਨਿਕਲ ਰਹੇ ਸਨ।