Toronto- ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ (ਟੀਐਸਬੀ) ਦੇ ਅਧਿਕਾਰੀਆਂ ਨੂੰ ਸੋਮਵਾਰ ਸਵੇਰੇ ਵਾਵਾ ਮਿਊਂਸੀਪਲ ਏਅਰਪੋਰਟ ’ਤੇ ਹੋਏ ਜਹਾਜ਼ ਹਾਦਸੇ ਦੀ ਜਾਂਚ ਲਈ ਤਾਇਨਾਤ ਕੀਤਾ ਗਿਆ ਹੈ। ਇਸ ਹਾਦਸੇ ’ਚ ਥੰਡਰ ਏਅਰਲਾਈਨਜ਼ ਦਾ ਇੱਕ ਮਿਤਸੁਬੀਸ਼ੀ ਐੱਮ. ਯੂ. ਜਹਾਜ਼ ਸ਼ਾਮਲ ਸੀ, ਜੋ ਸਵੇਰੇ 7:40 ਵਜੇ ਦੇ ਕਰੀਬ ਬਰਫ਼ ਨਾਲ ਢੱਕੇ ਰਨਵੇਅ ’ਤੇ ਉਤਰਨ ਦੀ ਕੋਸ਼ਿਸ਼ ’ਚ ਕੰਟਰੋਲ ਗੁਆ ਬੈਠਾ।
ਵਾਵਾ ਦੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਸਹਾਇਕ ਨਿਰਦੇਸ਼ਕ ਰੇਬੇਕਾ ਵੇਦਰਾਲ ਦੇ ਅਨੁਸਾਰ, ਹਾਦਸੇ ਵੇਲੇ ਜਹਾਜ਼ ’ਚ ਤਿੰਨ ਲੋਕ ਸਵਾਰ ਸਨ ਅਤੇ ਉਨ੍ਹਾਂ ਨੂੰ ਇਸ ਦੌਰਾਨ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ ਵੇਦਰਾਲ ਨੇ ਇਹ ਉਮੀਦ ਜਤਾਈ ਕਿ ਟੀ. ਐੱਸ. ਬੀ. ਦੇ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਤੱਕ ਬੰਦ ਦੇ ਸਮੇਂ ਦੀ ਮਿਆਦ ਮੰਗਲਵਾਰ ਤੱਕ ਵਧਾਈ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਟੀ. ਐਸ. ਬੀ. ਇੱਕ ਸੁਤੰਤਰ ਏਜੰਸੀ ਹੈ ਜਿਸਨੂੰ ਹਵਾਈ, ਸਮੁੰਦਰੀ, ਪਾਈਪਲਾਈਨ ਅਤੇ ਰੇਲ ਆਵਾਜਾਈ ਦੀਆਂ ਘਟਨਾਵਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ। ਏਜੰਸੀ ਦਾ ਇਕਮਾਤਰ ਉਦੇਸ਼ ਆਵਾਜਾਈ ਸੁਰੱਖਿਆ ਨੂੰ ਅੱਗੇ ਵਧਾਉਣਾ ਹੈ ਅਤੇ ਏਜੰਸੀ ਨੁਕਸ ਨਿਰਧਾਰਤ ਕਰਨ ਜਾਂ ਸਿਵਲ ਜਾਂ ਅਪਰਾਧਿਕ ਦੇਣਦਾਰੀ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਨਹੀਂ ਹੈ।