Washington- ਅਮਰੀਕਾ ’ਚ ਗੋਲੀਬਾਰੀ ’ਚ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟਿ੍ਰਕਸ ਵਲੋਂ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਮੁਤਾਬਕ ਅਮਰੀਕਾ ’ਚ ਬੰਦੂਕਾਂ ਕਾਰਨ ਹੋਈ ਹਿੰਸਾ ’ਚ ਬੱਚਿਆਂ ਦੀ ਮੌਤ ਦਾ ਅੰਕੜਾ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਹੋਏ ਇਸ ਅਧਿਐਨ ’ਚ ਇਹ ਦੱਸਿਆ ਗਿਆ ਹੈ ਕਿ ਸਾਲ 2021 ’ਚ ਬੰਦੂਕਾਂ ਨਾਲ ਹੋਈ ਹਿੰਸਾ ’ਚ 4,752 ਬੱਚਿਆਂ ਦੀ ਮੌਤ ਹੋਈ ਸੀ। ਉੱਥੇ ਹੀ ਸਾਲ 2020 ਦੌਰਾਨ 4,368 ਅਤੇ ਸਾਲ 2019 ’ਚ 3,390 ਬੱਚਿਆਂ ਦੀ ਜਾਨ ਗਈ ਸੀ।
ਦੱਸਣਯੋਗ ਹੈ ਕਿ ਇਹ ਰਿਪੋਰਟ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਇਸ ਸਾਲ ਦੀ ਸ਼ੁਰੂਆਤ ’ਚ ਹੀ ਨੈਸ਼ਨਲਵਿਲੇ ਸਕੂਲ ’ਚ ਹੋਈ ਗੋਲੀਬਾਰੀ ਦੌਰਾਨ ਤਿੰਨ ਬੱਚਿਆਂ ਅਤੇ ਤਿੰਨ ਅਧਿਆਪਕ ਦੀ ਮੌਤ ਹੋ ਗਈ ਸੀ। ਖੋਜਕਰਤਾ ਐਨੀ ਐਂਡਰਿਊਜ਼ ਨੇ ਕਿਹਾ ਕਿ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਡਾਕਟਰ ਬਣਨ ਮਗਰੋਂ ਗੋਲੀਬਾਰੀ ਦਾ ਸ਼ਿਕਾਰ ਹੋਏ ਇੰਨੇ ਸਾਰੇ ਬੱਚਿਆਂ ਦੀ ਦੇਖਭਾਲ ਕਰਾਂਗੀ।
ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਬੰਦੂਕ ਨਾਲ ਹੋਣ ਵਾਲੀਆਂ ਹੱਤਿਆਵਾਂ ’ਚ ਲਗਭਗ 67 ਫ਼ੀਸਦੀ ਕਾਲੇ ਬੱਚੇ ਸ਼ਾਮਿਲ ਹਨ, ਜਦਕਿ ਬੰਦੂਕ ਨਾਲ ਹੋਣ ਵਾਲੀਆਂ ਖ਼ੁਦਕੁਸ਼ੀਆਂ ’ਚ ਗੋਰੇ ਬੱਚਿਆਂ ਲਈ ਇਹ ਅੰਕੜਾ 78 ਕਰੀਬ ਫ਼ੀਸਦੀ ਹੈ। ਬੰਦੂਕ ਹਿੰਸਾ ਵਿਰੋਧੀ ਵਕੀਲ ਇਮਾਨ ਓਮਰ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਵਿਨਾਸ਼ਕਾਰੀ ਅਤੇ ਹੈਰਾਨੀਜਨਕ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਹਰ ਸਾਲ ਟੈਨੇਸੀ ’ਚ 128 ਬੱਚੇ ਅਤੇ ਕਿਸ਼ੋਰ ਬੰਦੂਕ ਨਾਲ ਹੋਈ ਹਿੰਸਾ ’ਚ ਮਾਰੇ ਜਾਂਦੇ ਹਨ।