Site icon TV Punjab | Punjabi News Channel

ਅੱਜ ਵਿਜੀਲੈਂਸ ਕੋਰਟ ‘ਚ ਪੇਸ਼ ਹੋਣਗੇ ਸਾਬਕਾ ਡਿਪਟੀ ਸੀ.ਐੱਮ ਓ.ਪੀ ਸੋਨੀ

ਡੈਸਕ- ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ ਕਰਕੇ ਐਤਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਜਾ ਰਹੀ ਹੈ। ਪੁਲਿਸ ਨੇ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।

ਵਿਜੀਲੈਂਸ ਨੇ 8 ਮਹੀਨਿਆਂ ਦੀ ਪੁੱਛਗਿੱਛ ਤੋਂ ਬਾਅਦ ਐਤਵਾਰ ਨੂੰ ਸਾਬਕਾ ਡਿਪਟੀ CM ਸੋਨੀ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ। ਸੋਨੀ ‘ਤੇ ਦੋਸ਼ ਹਨ ਕਿ ਉਨ੍ਹਾਂ ਦੇ ਖਰਚੇ ਉਨ੍ਹਾਂ ਦੀ ਕਮਾਈ ਤੋਂ ਕਈ ਗੁਣਾ ਜ਼ਿਆਦਾ ਹਨ। 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4.52 ਕਰੋੜ ਰੁਪਏ ਸੀ, ਜਦਕਿ ਖਰਚਾ 12.48 ਕਰੋੜ ਰੁਪਏ ਸੀ। ਇਹ ਖਰਚਾ ਅਣਪਛਾਤੇ ਸਰੋਤਾਂ ਤੋਂ ਹੋਈ ਆਮਦਨ ਨਾਲੋਂ 7.96 ਕਰੋੜ ਰੁਪਏ ਵੱਧ ਸੀ।

ਇਸ ਦੌਰਾਨ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ ‘ਤੇ ਜਾਇਦਾਦਾਂ ਬਣਾਈਆਂ। ਚੰਡੀਗੜ੍ਹ ਤੋਂ ਇੱਥੇ ਪੁੱਜੀ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਹੋਟਲ ਅਤੇ ਹੋਰ ਥਾਵਾਂ ’ਤੇ ਚੱਲ ਰਹੇ ਨਿਰਮਾਣ ਦੀ ਵੀ ਨਾਪ-ਤੋਲ ਕੀਤੀ। ਇਨ੍ਹਾਂ ਸਾਰੀਆਂ ਜਾਂਚਾਂ ਦੇ ਮੁਕੰਮਲ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਐਤਵਾਰ ਨੂੰ ਓਮ ਪ੍ਰਕਾਸ਼ ਸੋਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Exit mobile version