ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤਾ PAU ਦਾ ਦੌਰਾ

ਲੁਧਿਆਣਾ : ਅੱਜ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਇੰਦਰਜੀਤ ਸਿੰਘ ਨੇ ਪੀ.ਏ.ਯੂ. ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ। ਇਸ ਦੌਰਾਨ ਡਾ ਇੰਦਰਜੀਤ ਸਿੰਘ ਨੇ ਪੀ.ਏ.ਯੂ. ਦੀ ਖੋਜ, ਪਸਾਰ ਅਤੇ ਸੰਚਾਰ ਕਾਰਜ ਪ੍ਰਣਾਲੀ ਅਤੇ ਪਸਾਰ ਢਾਂਚੇ ਸੰਬੰਧੀ ਜਾਣਕਾਰੀ ਲਈ ।

ਉਨਾਂ ਨੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਨਾਲ ਨਾਲ ਸੰਚਾਰ ਕੇਂਦਰ, ਸਕਿੱਲ ਡਿਵੈੱਲਪਮੈਂਟ ਸੈਂਟਰ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਭੋਜਨ ਇਨਕੂਬੇਸ਼ਨ ਕੇਂਦਰ, ਭੋਜਨ ਇੰਜਨੀਅਰਿੰਗ ਅਤੇ ਪ੍ਰੋਸੈਸਿੰਗ ਵਿਭਾਗ ਦੀਆਂ ਸਹੂਲਤਾਂ, ਪਾਣੀ ਅਤੇ ਭੂਮੀ ਇੰਜਨੀਅਰਿੰਗ ਵਿਭਾਗ ਦੇ ਸੂਖਮ ਸਿੰਚਾਈ ਪ੍ਰਣਾਲੀ ਆਦਿ ਤਕਨੀਕਾਂ ਸਬੰਧੀ ਵਿਸਥਾਰ ਨਾਲ ਜਾਣਿਆ ।

ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਪੀ.ਏ.ਯੂ. ਦੇ ਸੰਸਥਾਗਤ ਢਾਂਚੇ ਅਤੇ ਕੰਮ ਕਰਨ ਦੀ ਤਕਨੀਕ ਤੋਂ ਇਲਾਵਾ ਵਿਗਿਆਨੀਆਂ ਦੀ ਸਿਰਤੋੜ ਮਿਹਨਤ ਨੇ ਹੀ ਇਸ ਨੂੰ ਵਿਸ਼ਵ ਪੱਧਰੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤਾ ਹੈ ।

ਉਨਾਂ ਕਿਹਾ ਕਿ ਨਾ ਸਿਰਫ ਹੋਰ ਖੇਤੀ ਯੂਨੀਵਰਸਿਟੀਆਂ ਬਲਕਿ ਅਕਾਦਮਿਕ ਅਤੇ ਖੋਜ ਸੰਸਥਾਵਾਂ ਨੂੰ ਵੀ ਪੀ.ਏ.ਯੂ. ਦੇ ਕੰਮ ਕਰਨ ਦੇ ਤਰੀਕਿਆਂ ਅਤੇ ਸੰਸਥਾਗਤ ਢਾਂਚੇ ਤੋਂ ਸਿੱਖਣ ਦੀ ਲੋੜ ਹੈ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਡਾ ਇੰਦਰਜੀਤ ਸਿੰਘ ਦਾ ਸੁਆਗਤ ਕੀਤਾ । ਡਾ ਮਾਹਲ ਨੇ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ ਦਿਨ ਰਾਤ ਯਤਨਸ਼ੀਲ ਹਨ ।

ਉਨਾਂ ਆਸ ਪ੍ਰਗਟਾਈ ਕਿ ਦੋਵੇਂ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਦੀ ਖੇਤੀ ਅਤੇ ਕਿਸਾਨੀ ਦਾ ਵਿਕਾਸ ਹੋ ਸਕੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐਸ ਸੋਢੀ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵੱਖ-ਵੱਖ ਤਰੀਕਿਆਂ ਨਾਲ ਪੀ.ਏ.ਯੂ. ਵੱਲੋਂ ਕਿਸਾਨਾਂ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੂਚਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ।

ਉਹਨਾਂ ਕਿਹਾ ਕਿ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਨਵੇਂ ਯੁੱਗ ਦੇ ਅਨੁਸਾਰ ਸੂਚਨਾ ਪ੍ਰਸਾਰਨ ਤਰੀਕੇ ਵੀ ਯੂਨੀਵਰਸਿਟੀ ਵੱਲੋਂ ਅਪਣਾਏ ਜਾ ਰਹੇ ਹਨ । ਵਾਈਸ ਚਾਂਸਲਰ ਸਾਹਿਬ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਨਾਵਾਂ ਪੀ.ਏ.ਯੂ. ਦੇ ਸਿਖਲਾਈ ਢਾਂਚੇ ਅਤੇ ਸਿੰਚਾਈ ਦੇ ਖੇਤਰ ਵਿੱਚ ਨਵੀਆਂ ਤਕਨੀਕਾਂ ਨੂੰ ਗਹੁ ਨਾਲ ਦੇਖਿਆ । ਉਹਨਾਂ ਨੂੰ ਪੀ.ਏ.ਯੂ. ਦੀਆਂ ਤਾਜ਼ਾ ਪ੍ਰਕਾਸ਼ਨਾਵਾਂ ਦਾ ਇੱਕ ਸੈੱਟ ਯਾਦ ਚਿੰਨ ਵਜੋਂ ਭੇਂਟ ਕੀਤਾ ਗਿਆ ।

ਟੀਵੀ ਪੰਜਾਬ ਬਿਊਰੋ