ਡਿਪਟੀ ਕਤਲ ਕਾਂਡ ਮਾਮਲੇ ‘ਚ ਆਇਆ ਨਵਾਂ ਮੋੜ, ਬੰਬੀਹਾ ਗਰੁੱਪ ਨੇ ਲਈ ਡਿਪਟੀ ਕਤਲ ਦੀ ਜ਼ਿੰਮੇਵਾਰੀ

ਜਲੰਧਰ- ਜਲੰਧਰ ਦੇ ਗੋਪਾਲ ਨਗਰ ’ਚ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗੈਂਗਸਟਰ ਗਰੁੱਪ ਦਵਿੰਦਰ ਬੰਬੀਹਾ ਨੇ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਪਰ ਇਕ ਪੋਸਟ ਜਾਰੀ ਕਰਕੇ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਹੈ ਕਿ ਸੁਖਮੀਤ ਸਿੰਘ ਡਿਪਟੀ ਦਾ ਕਤਲ ਪੁਨੀਤ ਵੱਲੋਂ ਕੀਤਾ ਗਿਆ ਹੈ ਕਿਉਂਕਿ ਡਿਪਟੀ ਸਾਡੇ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀਆਂ ਨੂੰ ਸਾਡੀਆਂ ਖ਼ਬਰਾਂ ਦਿੰਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਡਿਪਟੀ ਨਹੀਂ ਸਮਝਿਆ ਤਾਂ ਅਸੀਂ ਉਸ ਨੂੰ ਮਾਰ ਦਿੱਤਾ। ਇਸ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਆਪਣੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ।

ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਬਾਰੇ ਡੀ. ਐੱਸ. ਪੀ. ਗੁਰਮੀਤ ਸਿੰਘ ਇਨਵੈਸਟੀਗੇਸ਼ਨ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਪੁਲਸ ਜਾਂਚ ਨੂੰ ਗੁਮਰਾਹ ਕਰਨ ਲਈ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੋਵੇ, ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅਜੇ ਇਸ ਪੋਸਟ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ। 

ਗੌਰਤਲਬ ਹੈ ਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਡਿਪਟੀ ਹੱਤਿਆ ਕਾਂਡ ’ਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਵੀ ਲੱਗੇ ਹਨ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਕਮਿਸ਼ਨਰੇਟ ਪੁਲਸ ਇਸ ਕੇਸ ਸਬੰਧੀ ਜਲਦ ਖ਼ੁਲਾਸਾ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਡਿਪਟੀ ਕਤਲ ਕਾਂਡ ਦੇ ਤਾਰ ਕਪੂਰਥਲਾ ਚੌਂਕ ਨੇੜੇ ਹੋਏ ਇਕ ਹੋਰ ਮਰਡਰ ਕੇਸ ਨਾਲ ਜੁੜ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲਗਭਗ 2 ਸਾਲ ਪਹਿਲਾਂ ਕਪੂਰਥਲਾ ਚੌਂਕ ਨੇੜੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਮਾਮਲੇ ’ਚ ਡਿਪਟੀ ਪੀੜਤ ਪਰਿਵਾਰ ਨਾਲ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਪੈਰਵੀ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਵੀ ਮਿਲ ਰਹੀਆਂ ਸਨ। ਫਿਲਹਾਲ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ।