ਓਨਟਾਰੀਓ ਪੁਲਿਸ ਨੇ ਬਰਾਮਦ ਕੀਤੀਆਂ ਬੀਅਰ ਦੀਆਂ 326 ਪੇਟੀਆਂ

Toronto- ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਊਬਿਕ ਤੋਂ ਲਿਆਂਦੀ ਗਈ ਬੀਅਰ ਦੀ 326 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਦੱਸਿਆ ਕਿ ਇਹ ਬੀਅਰ ਇੱਕ ਵਿਆਹ ਸਮਾਗਮ ਦੌਰਾਨ ਵਰਤੇ ਜਾਣ ਦੇ ਮਕਸਦ ਨਾਲ ਕਿਊਬਕ ਤੋਂ ਓਨਟਾਰੀਓ ’ਚ ਲਿਆਂਦੀ ਗਈ ਸੀ।
ਲੈਨੋਕਸ ਅਤੇ ਐਡਿੰਗਟਨ ਕਾਊਂਟੀ ਓਪੀਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰੇ ਕਰੀਬ 2.10 ਵਜੇ ਉਨ੍ਹਾਂ ਨੇ ਹਾਈਵੇਅ 401 ’ਤੇ ਟਰੈਫਿਕ ਖਤਰੇ ਦੀ ਕਾਲ ਦਾ ਜਵਾਬ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਹਾਈਵੇਅ ਦੇ ਪੱਛਮੀ ਪਾਸੇ ਵੱਲ ਗੱਡੀ ਦੇ ਟਾਇਰ ਫਟਣ ਮਗਰੋਂ ਰਿਮ ਦੇ ਨਿਸ਼ਾਨ ਮਿਲੇ। ਰਿਮ ਦੇ ਨਿਸ਼ਨਾ ਚਪਟੇ ਹੋਣ ਤੋਂ ਇਹ ਸੰਕੇਤ ਮਿਲਿਆ ਕਿ ਰਿਮ ਘਸ ਗਿਆ ਸੀ।
ਓਪੀਪੀ ਨੇ ਦੱਸਿਆ ਕਿ ਇਸ ਮਗਰੋਂ ਟਰੈਫਿਕ ਰੋਕ ਦਿੱਤੀ ਗਈ, ਕਿਉਂਕਿ ਵੈਨ ਅਜੇ ਵੀ ਹਾਈਵੇਅ ’ਤੇ ਜਾ ਰਹੀ ਸੀ। ਟਾਇਰ ਫਟਣ ਕਾਰਨ ਵੈਨ ਦੇ ਪਿਛਲੇ ਖੱਬੇ ਪਹੀਏ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਬਿਨਾਂ ਕਿਸੇ ਘਟਨਾ ਦੇ ਪੁਲਿਸ ਨੇ ਅਖ਼ੀਰ ਇਸ ਵੈਨ ਨੂੰ ਰੋਕ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਅਧਿਕਾਰੀ ਡਰਾਈਵਰ ਨਾਲ ਗੱਲ ਕਰ ਰਿਹਾ ਸੀ, ਉਨ੍ਹਾਂ ਨੇ ਸਾਹਮਣੇ ਯਾਤਰੀ ਸੀਟ ਖੇਤਰ ’ਚ ਬੀਅਰ ਦੀਆਂ ਚਾਰ ਪੇਟੀਆਂ ਦੇਖੀਆਂ ਅਤੇ ਸਾਰੇ ਡੱਬਿਆਂ ’ਤੇ ਲੇਬਲ ਫਰੈਂਚ ’ਚ ਸਨ। ਓਪੀਪੀ ਨੇ ਕਿਹਾ ਕਿ ਜਦੋਂ ਬੀਅਰ ਬਾਰੇ ਪੁੱਛਗਿੱਛ ਕੀਤੀ ਗਈ, ਤਾਂ ਡਰਾਈਵਰ ਟਾਲ-ਮਟੋਲ ਕਰਨ ਲੱਗਾ। ਜਦੋਂ ਕਿਊਬਿਕ ਤੋਂ ਬੀਅਰ ਦੀ ਢੋਆ-ਢੁਆਈ ਬਾਰੇ ਚਾਲਕ ਕੋਲੋਂ ਪੁੱਛਿਆ ਗਿਆ ਤਾਂ ਫਿਰ ਉਸ ਨੇ ਅਜਿਹਾ ਹੀ ਕੀਤਾ। ਪੁਲਿਸ ਮੁਤਾਬਕ ਜਦੋਂ ਵਾਹਨ ਦੀ ਪੂਰੀ ਤਲਾਸ਼ੀ ਲਈ ਗਈ ਤਾਂ ਇਸ ਦਾ ਪੂਰਾ ਪਿਛਲਾ ਹਿੱਸਾ ਬੀਅਰ ਦੀਆਂ ਪੇਟੀਆਂ ਨਾਲ ਭਰਿਆ ਮਿਲਿਆ।
ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਮੰਨਿਆ ਹੈ ਕਿ ਬੀਅਰ ਓਨਟਾਰੀਓ ’ਚ ਸ਼ਰਾਬ ਦੀ ਵਿਕਰੀ ਲਈ ਕਿਸੇ ਅਧਿਕਾਰਤ ਆਊਟਲੈਟ ਤੋਂ ਜਾਂ ਉਸ ਰਾਹੀਂ ਨਹੀਂ ਖਰੀਦੀ ਗਈ ਸੀ। ਉਸਨੇ ਅੱਗੇ ਮੰਨਿਆ ਕਿ ਬੀਅਰ ਇੱਕ ਵਿਆਹ ਲਈ ਸੀ ਨਾ ਕਿ ਉਸਦੀ ਨਿੱਜੀ ਵਰਤੋਂ ਲਈ।
ਡਰਾਈਵਰ ਵਿਰੁੱਧ ਗੈਰਕਾਨੂੰਨੀ ਤੌਰ ’ਤੇ ਸ਼ਰਾਬ ਰੱਖਣ, ਗੈਰਕਾਨੂੰਨੀ ਤੌਰ ’ਤੇ ਸ਼ਰਾਬ ਖਰੀਦਣ ਅਤੇ ਅਸੁਰੱਖਿਅਤ ਵਾਹਨ ਚਲਾਉਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੇ ਚੱਲਦਿਆਂ ਉਸ ਨੂੰ ਸੁਬਾਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।