Ottawa – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਘਰੇਲੂ ਹੀਟਿੰਗ ਤੇਲ ’ਤੇ ਤਿੰਨ ਸਾਲਾਂ ਲਈ ਕਾਰਬਨ ਟੈਕਸ ’ਤੇ ਛੋਟ ਦੇਣ ਅਤੇ ਪੇਂਡੂ ਖੇਤਰਾਂ ’ਚ ਲੋਕਾਂ ਲਈ ਉੱਚ ਕਾਰਬਨ ਟੈਕਸ ’ਤੇ ਛੋਟ ਨੂੰ ਦੁੱਗਣਾ ਦਾ ਐਲਾਨ ਕੀਤਾ। ਇੱਕ ਪ੍ਰੈੱਸ ਕਾਨਫ਼ੰਰਨ ਦੌਰਾਨ ਇਹ ਘੋਸ਼ਣਾ ਕਰਦਿਆਂ ਟਰੂਡੋ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦਾ ਮਕਸਦ ਰਹਿਣ-ਸਹਿਣ ਦੀਆਂ ਵੱਧ ਰਹੀਆਂ ਕੀਮਤਾਂ ਵਿਚਾਲੇ ਰਾਹਤ ਲਿਆਉਣਾ ਹੈ।
ਜਲਵਾਯੂ ਪਰਵਿਰਤਨ ਨਾਲ ਨਜਿੱਠਣ ਲਈ ਟਰੂਡੋ ਸਰਕਾਰ ਨੇ ਇੱਕ ਕਾਰਬਨ ਕੀਮਤ ਪ੍ਰਣਾਲੀ ਲਾਗੂ ਕੀਤੀ ਹੈ ਪਰ ਕੁਝ ਲਿਬਰਲ ਸੰਸਦ ਮੈਂਬਰਾਂ ਨੇ ਇਸ ਸਕੀਮ ’ਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਹੈ, ਖਾਸ ਤੌਰ ’ਤੇ ਅਟਲਾਂਟਿਕ ਕੈਨੇਡਾ ਖੇਤਰ ’ਚ ਜਿੱਥੇ ਅਣਗਿਣਤ ਪਰਿਵਾਰ ਆਪਣੇ ਘਰਾਂ ਨੂੰ ਗਰਮ ਕਰਨ ਲਈ ਤੇਲ ਦੀ ਵਰਤੋਂ ਕਰਦੇ ਹਨ। ਟਰੂਡੋ ਨੇ ਉੱਚ ਮਹਿੰਗਾਈ ਦੇ ਪ੍ਰਭਾਵ ਨੂੰ ਦੇਖਦਿਆਂ ਕਿਹਾ ਕਿ ਸਾਰੇ ਕੈਨੇਡੀਅਨਾਂ ਦਾ ਸਮਰਥਨ ਕਰਦੇ ਹੋਏ ਜਲਵਾਯੂ ਤਬਦੀਲੀ ਨਾਲ ਲੜਨਾ ਚਾਹੀਦਾ ਹੈ।
ਟਰੂਡੋ ਨੇ ਓਟਾਵਾ ’ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਮਹੱਤਵਪੂਰਨ ਪਲ ਹੈ ਜਿੱਥੇ ਅਸੀਂ ਨੀਤੀਆਂ ਨੂੰ ਵਿਵਸਥਿਤ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਦੇ ਸਹੀ ਨਤੀਜੇ ਨਿਕਲ ਸਕਣ। ਅਸੀਂ ਜਲਵਾਯੂ ਪਰਿਵਰਤਨ ਦੇ ਵਿਰੁੱਧ ਆਪਣੀ ਲੜਾਈ ਨੂੰ ਦੁੱਗਣਾ ਕਰ ਰਹੇ ਹਾਂ ਅਤੇ ਉਨ੍ਹਾਂ ਸਿਧਾਂਤਾਂ ਨੂੰ ਸੱਚ ਸਾਬਤ ਕਰ ਰਹੇ ਹਾਂ, ਜਿਨ੍ਹਾਂ ਦਾ ਮਕਸਦ ਜਲਵਾਯੂ ਤਬਦੀਲੀ ਨਾਲ ਲੜਦੇ ਹੋਏ ਕੈਨੇਡੀਅਨਾਂ ਦਾ ਸਮਰਥਨ ਕਰਨਾ ਹੈ। ਐਟਲਾਂਟਿਕ ਕੈਨੇਡਾ ਦੇ ਲਿਬਰਲ ਸੰਸਦ ਮੈਂਬਰਾਂ ਨਾਲ ਘਿਰੇ ਟਰੂਡੋ ਨੇ ਕਿਹਾ ਕਿ ਇਹ ਨੀਤੀ ਉਸ ਖੇਤਰ ਲਈ ਬਣਾਈ ਗਈ ਹੈ, ਜਿੱਥੇ 30 ਫੀਸਦੀ ਮਕਾਨ ਮਾਲਕ ਅਜੇ ਵੀ ਆਪਣੇ ਘਰਾਂ ਨੂੰ ਗਰਮ ਕਰਨ ਲਈ ਫਰਨੇਸ ਆਇਲ ਦੀ ਵਰਤੋਂ ਕਰਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਅਟਲਾਂਟਿਕ ਸੰਸਦ ਮੈਂਬਰਾਂ ਰਾਹੀਂ ਅਟਲਾਂਟਿਕ ਲੋਕਾਂ ਤੋਂ ਸਪੱਸ਼ਟ ਤੌਰ ’ਤੇ ਸੁਣਿਆ ਹੈ ਕਿ ਜਦੋਂ ਤੋਂ ਸੰਘੀ ਪ੍ਰਦੂਸ਼ਣ ਕੀਮਤ ਲਾਗੂ ਹੋਈ ਹੈ, ਉਸ ਪ੍ਰਦੂਸ਼ਣ ਕੀਮਤ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਹਰ ਕਿਸੇ ਲਈ ਕੰਮ ਕਰਨ ਦੇ ਅਨੁਕੂਲ ਬਣਾਉਣ ਦੀ ਲੋੜ ਹੈ।
ਹੀਟਿੰਗ ਤੇਲ ’ਤੇ ਕਾਰਬਨ ਟੈਕਸ ’ਤੇ ਵਿਰਾਮ 14 ਦਿਨਾਂ ’ਚ ਸ਼ੁਰੂ ਹੋ ਜਾਵੇਗਾ, ਜਦੋਂ ਕਿ ਕੈਨੇਡਾ ਦੇ ਪੇਂਡੂ ਖੇਤਰਾਂ ’ਚ ਵਿਅਕਤੀਆਂ ਅਤੇ ਪਰਿਵਾਰਾਂ ਲਈ ਉੱਚ ਛੋਟਾਂ ਅਪ੍ਰੈਲ ’ਚ ਸ਼ੁਰੂ ਹੋ ਜਾਣਗੀਆਂ। ਟਰੂਡੋ ਨੇ ਕਿਹਾ ਕਿ ਇਹ ਵਿਰਾਮ ਕੈਨੇਡੀਅਨਾਂ ਨੂੰ ਇਲੈਕਟ੍ਰਿਕ ਹੀਟ ਪੰਪਾਂ ’ਤੇ ਜਾਣ ਦਾ ਸਮਾਂ ਦੇਵੇਗਾ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਔਸਤ ਘਰੇਲੂ ਆਮਦਨ ਵਾਲੇ ਜਾਂ ਇਸ ਤੋਂ ਘੱਟ ਆਮਦਨ ਵਾਲੇ ਲੋਕਾਂ ਲਈ ਮੁਫ਼ਤ ਘਰੇਲੂ ਹੀਟ ਪੰਪ ਸਥਾਪਿਤ ਕਰਨ ਲਈ ਅਟਲਾਂਟਿਕ ਕੈਨੇਡਾ ’ਚ ਇੱਕ ਯੋਜਨਾ ਦਾ ਵੀ ਐਲਾਨ ਕੀਤਾ।