ਪੰਜਾਬ ਕਾਂਗਰਸ ਕਲੇਸ਼ : ਖੜਗੇ ਕਮੇਟੀ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ

ਟੀਵੀ ਪੰਜਾਬ ਬਿਊਰੋ– ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਾਨਾਜੰਗੀ ਨੂੰ ਖਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਏਆਈਸੀਸੀ ਕਮੇਟੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਆਪਸੀ ਲੜਾਈ ਦਾ ਖ਼ਮਿਆਜ਼ਾ ਪਾਰਟੀ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ, ਇਸੇ ਕਰਕੇ ਹਾਈ ਕਮਾਨ ਨੇ ਕਲੇਸ਼ ਖ਼ਤਮ ਕਰਨ ਲਈ ਮਲਿਕਾਰੁਜਨ ਖਗੜੇ, ਹਰੀਸ਼ ਰਾਵਤ ਤੇ ਜੀਪੀ ਅਗਰਵਾਲ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਜਿਸ ਨੇ ਸਬੰਧ ਸਾਰੀਆਂ ਧਿਰਾਂ ਦੀ ਗੱਲਬਾਤ ਸੁਣਨ ਬਾਅਦ ਰਿਪੋਰਟ ਤਿਆਰ ਕੀਤੀ, ਜਿਹੜੇ ਅੱਜ ਸ੍ਰੀਮਤੀ ਗਾਂਧੀ ਨੂੰ ਸੌਂਪ ਦਿੱਤੀ ਗਈ ਹੈ। 

ਕਿਹਾ ਜਾ ਰਿਹਾ ਹੈ ਕਿ ਪਰਦੇ ਦੇ ਪਿੱਛੇ ਰਾਹੁਲ ਗਾਂਧੀ ਵੀ ਪੰਜਾਬ ’ਚ ਘਮਾਸਾਨ ਨੂੰ ਸ਼ਾਂਤ ਕਰਨ ਲਈ ਕਾਫ਼ੀ ਸਰਗਰਮ ਹਨ। ਉਨ੍ਹਾਂ ਨੇ ਪੰਜਾਬ ਦੇ ਕਈ ਆਗੂਆਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਗੂਆਂ ਨੂੰ ਵਿਰੋਧ ਦੀ ਚੰਗਿਆੜੀ ਨੂੰ ਹਵਾ ਦੇਣ ਦੀ ਥਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕਹੀ ਹੈ। 
ਕਿਹਾ ਜਾ ਰਿਹਾ ਹੈ ਕਿ ਤਿੰਨੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਬਾਅਦ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਲੋਕ ਸਭਾ ਦੇ ਵਧੇਰੇ ਚੁਣੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ। ਇਸ ਨਾਲ ਇਹ ਵੀ ਪਤਾ ਲਗਦਾ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ ਕੇ ਸਮਰਥਨ ਕੀਤਾ ਸੀ ਅਤੇ ਕੇਂਦਰੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਸੀ ਕਿ ਕਾਂਗਰਸ ਨੂੰ ਦੋਬਾਰਾ ਸਿਰਫ ਕੈਪਟਨ ਅਮਰਿਦੰਰ ਸਿੰਘ ਹੀ ਜਿਤਾ ਸਕਦੇ ਹਨ।