ਹਾਈ ਕੋਰਟ ਨੇ ਖਾਰਜ ਕੀਤੀ ਗੈਂਗਸਟਰ ਭੁੱਲਰ ਦੇ ਪੋਸਟਮਾਰਟਮ ਦੀ ਮੰਗ, ਹੁਣ ਸੁਪਰੀਮ ਕੋਰਟ ‘ਚ ਅਪੀਲ ਕਰੇਗਾ ਪਰਿਵਾਰ

ਟੀਵੀ ਪੰਜਾਬ ਬਿਊਰੋ- ਪੁਲਿਸ ਹੱਥੋਂ ਐਨਕਾਊਂਟਰ ਹੋਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਏ ਜਾਣ ਸਬੰਧੀ ਜੈਪਾਲ ਦੇ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਾਈ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਪਰਿਵਾਰ ਨੇ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਜੈਪਾਲ ਭੁੱਲਰ ਦੇ ਪਿਤਾ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਈ ਕੋਰਟ ਦੀ ਜੱਜ ਮੰਜਰੀ ਨਹਿਰੂ ਕੌਲ ਨੇ ਇਸ ਨੂੰ ਦੂਜੇ ਸੂਬੇ ਦਾ ਮਾਮਲਾ ਦੱਸਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਈਕੋਰਟ ਦਾ ਕਹਿਣਾ ਹੈ ਕਿ ਇਹ ਕੇਸ ਉਸ ਦੇ ਅਜ਼ਾਤ ( ਜੂਰੀਸਡਿਕਸ਼ਨ) ਦੇ ਘੇਰੇ ਵਿੱਚ ਨਹੀਂ ਆਉਂਦਾ ਅਤੇ ਜੇ ਪਰਿਵਾਰ ਪੋਸਟ ਮਾਰਟਮ ਚਾਹੁੰਦਾ ਹੈ ਤਾਂ ਉਹ ਘਟਨਾ ਵਾਲੇ ਸਥਾਨ ‘ਤੇ ਮੰਗ ਕਰ ਸਕਦਾ ਹੈ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਪਰਿਵਾਰ ਨੇ ਹੁਣ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ।

ਦੱਸ ਦੇਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਉਸ ਦੇ ਬੇਟੇ ਦਾ ਦੁਬਾਰਾ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ।
 ਗੈਂਗਸਟਰ ਜੈਪਾਲ ਭੁੱਲਰ ਦਾ 9 ਜੂਨ ਨੂੰ ਐਨਕਾਊਂਟਰ ਹੋਇਆ ਸੀ। ਮ੍ਰਿਤਕ ਦੇ ਪਿਤਾ ਭੂਪਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਰਹਿ ਚੁੱਕੇ ਹਨ , ਨੇ ਮੰਗਲਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ‘ਚ ਦੋਸ਼ ਲਾਏ ਹਨ ਕਿ ਉਸ ਦੇ ਮੁੰਡੇ ਨੂੰ ਪਹਿਲਾਂ ਬੁਰੀ ਤਰ੍ਹਾਂ ਨਾਲ ਟਾਰਚਰ ਕੀਤਾ ਗਿਆ ਸੀ। ਉਸ ਦੇ ਮੁੰਡੇ ਦੇ ਮ੍ਰਿਤਕ ਦੇਹ ‘ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਤੇ ਉਸ ਦੇ ਸਰੀਰ ‘ਤੇ ਗੋਲ਼ੀ ਦੇ ਨਿਸ਼ਾਨ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਬੇਟੇ ਨੂੰ ਪੁਆਇੰਟ ਬਲੈਂਕ ਰੇਂਜ ਨਾਲ ਗੋਲ਼ੀ ਮਾਰੀ ਗਈ ਹੈ ਤੇ ਇਹ ਐਨਕਾਊਂਟਰ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਐਨਕਾਊਂਟਰ ਸੀ।