ਡੈਸਕ- ਹਰਿਆਣਾ ਦੇ ਪੰਚਕੂਲਾ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਭਾਰੀ ਮੀਂਹ ਪਿਆ। ਇਸ ਦੌਰਾਨ ਸੜਕਾਂ ਪਾਣੀ ਨਾਲ ਭਰ ਗਈਆਂ। ਚੰਡੀਗੜ੍ਹ ਦੇ ਸੈਕਟਰ 12ਏ ਵਿੱਚ ਇੱਕ 3 ਸਾਲ ਦੀ ਬੱਚੀ ਗਟਰ ਵਿੱਚ ਡਿੱਗ ਗਈ। ਬੱਚੀ ਆਪਣੀ ਮਾਂ ਨਾਲ ਸੜਕ ਪਾਰ ਕਰ ਰਹੀ ਸੀ ਉਦੋਂ ਬਰਸਾਤੀ ਪਾਣੀ ਦਾ ਤੇਜ਼ ਵਹਾਅ ਉਸ ਨੂੰ ਗਟਰ ਵਿੱਚ ਵਹਾ ਕੇ ਲੈ ਗਿਆ।
ਚਸ਼ਮਦੀਦਾਂ ਅਨੁਸਾਰ ਬਰਸਾਤ ਕਾਰਨ ਸੜਕ ’ਤੇ ਪਾਣੀ ਭਰ ਗਿਆ ਸੀ, ਜਿਸ ਕਾਰਨ ਗਟਰ ਦੇ ਢੱਕਣ ਵੀ ਨਜ਼ਰ ਨਹੀਂ ਆ ਰਹੇ ਸਨ। ਬੱਚੀ ਦੇ ਗਟਰ ‘ਚ ਡਿੱਗਣ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਪਰ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਜ਼ੀਰਕਪੁਰ ਦੇ ਢਕੋਲੀ ਡਰੇਨ ‘ਚੋਂ ਬੱਚੀ ਦੀ ਲਾਸ਼ ਬਰਾਮਦ ਹੋਈ।
ਲਾਸ਼ ਨੂੰ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਨਿਕਾਸੀ ਦੇ ਪੁਖਤਾ ਪ੍ਰਬੰਧ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।