ਜਲੰਧਰ,ਫਿਰੋਜ਼ਪੁਰ ਅਤੇ ਅੰਮ੍ਰਿਤਸਰ ਸਣੇ ਇਨ੍ਹਾਂ ਤਿੰਨ ਸ਼ਹਿਰਾਂ ਚ ਭਾਰੀ ਬਰਸਾਤ ਦਾ ਅਲਰਟ

ਡੈਸਕ- ਪੰਜਾਬ ਦੀਆਂ ਜ਼ਿਆਦਾਤਰ ਨਦੀਆਂ ਉਫਾਨ ‘ਤੇ ਹਨ। ਇਸ ਨਾਲ ਸੂਬੇ ਦੇ ਨਦੀ ਕਿਨਾਰੇ ਇਲਾਕਿਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿਚ ਅੱਜ ਤੋਂ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਐਲਾਨਿਆ ਹੈ। ਦੂਜੇ ਪਾਸੇ ਚੰਡੀਗੜ੍ਹ ਵਿਚ ਵੀ ਤਿੰਨ ਦਿਨ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਪਠਾਨਕੋਟ ਵਿੱਚ 26 ਜੁਲਾਈ ਤੋਂ 28 ਜੁਲਾਈ ਤੱਕ ਯੈਲੋ ਅਲਰਟ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿਚ 28 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅੰਮ੍ਰਿਤਸਰ ਅਤੇ ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਵਿੱਚ 29 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 26, 27 ਅਤੇ 28 ਜੁਲਾਈ ਨੂੰ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮੌਸਮ ਵਿਭਾਗ ਨੇ ਮੀਂਹ ਦੌਰਾਨ ਸਾਵਧਾਨੀ ਨਾਲ ਵਾਹਨ ਚਲਾਉਣ, ਦਰੱਖਤਾਂ ਹੇਠਾਂ ਆਸਰਾ ਲੈਣ, ਜਲ ਸਰੋਤਾਂ ਦੇ ਕੋਲ ਨਾ ਜਾਣ ਤੇ ਬਹੁਤ ਜ਼ਰੂਰੀ ਹੋਣ ‘ਤੇ ਘਰ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸਤਲੁਜ ਨਦੀ ਇਕ ਵਾਰ ਫਿਰ ਉਫਾਨ ‘ਤੇ ਹੈ। ਇਸ ਨਾਲ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਕਾਫੀ ਨੁਕਸਾਨ ਹੋਇਆ ਹੈ। ਫਾਜ਼ਿਲਕਾ ਵਿਚ ਭਾਰਤ-ਪਾਕਿ ਸਰਹੱਦ ‘ਤੇ ਵਸੇ ਪਿੰਡ ਢਾਣੀ ਨੱਥਾ ਸਿੰਘ ਵਾਲਾ ਵਿਚ ਪੁਲ ਪੂਰੀ ਤਰ੍ਹਾਂ ਡੁੱਬ ਗਿਆ ਜਿਸ ਨਾਲ ਪਿੰਡ ਢਾਣੀਆਂ ਦਾ ਜਲਾਲਾਬਾਦ ਨਾਲ ਸੰਪਰਕ ਟੁੱਟ ਗਿਆ ਹੈ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਦੋ ਕਿਸ਼ਤੀਆਂ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।