ਸੱਤਾ ‘ਚ ਆਉਣ ‘ਤੇ ਕਾਂਗਰਸ ਹਰਿਆਣਾ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ: ਬਾਜਵਾ

ਡੈਸਕ- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਆਬਜ਼ਰਵਰ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਬਣਨ ‘ਤੇ ਸੂਬੇ ‘ਚ ਉਗਾਈਆਂ ਜਾਣ ਵਾਲੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਲਈ ਵਚਨਬੱਧ ਹੈ।

ਬਾਜਵਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ਼ੀਸ਼ਪਾਲ ਕੇਹਰਵਾਲ ਦੇ ਹੱਕ ਵਿੱਚ ਕਾਲਿਆਂਵਾਲੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸੀਨੀਅਰ ਕਾਂਗਰਸ ਆਗੂ ਤੇ ਸਿਰਸਾ ਐੱਮਪੀ ਕੁਮਾਰੀ ਸ਼ੈਲਜਾ ਵੀ ਉੱਥੇ ਮੌਜੂਦ ਸਨ। ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਿਆਂਵਾਲੀ ਅਤੇ ਰਾਣੀਆਂ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਭਰੋਸਾ ਦਿਵਾਇਆ ਕਿ ਹਰਿਆਣਾ ਕਾਂਗਰਸ ਆਪਣੀਆਂ ਸੱਤ ਵੱਡੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਵਿੱਤੀ ਸੁਤੰਤਰਤਾ ਨਾਲ ਲੈਸ ਕਰਨ ਲਈ ਕਾਂਗਰਸ ਸਰਕਾਰ 18 ਸਾਲ ਤੋਂ 60 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਔਰਤਾਂ ਨੂੰ 500 ਰੁਪਏ ‘ਚ ਗੈਸ ਸਲੰਡਰ ਦੇਵੇਗੀ ਜਿਵੇਂ ਕਿ ਕਾਂਗਰਸ ਸਰਕਾਰ ਰਾਜਸਥਾਨ ‘ਚ ਕਰ ਰਹੀ ਹੈ। ਸਮਾਜਿਕ ਸੁਰੱਖਿਆ ਤਹਿਤ ਅਸੀਂ ਬੁਢਾਪਾ ਪੈਨਸ਼ਨ, ਅਪੰਗਤਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਵਜੋਂ 6,000 ਰੁਪਏ ਦੇਵਾਂਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ।

ਬਾਜਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਅਸੀਂ 2 ਲੱਖ ਸੁਰੱਖਿਅਤ ਨੌਕਰੀਆਂ ਪ੍ਰਦਾਨ ਕਰਾਂਗੇ। ਇੱਥੇ ਬਹੁਤ ਸਾਰੀਆਂ ਅਸਾਮੀਆਂ ਹਨ ਜਿਨ੍ਹਾਂ ਨੂੰ ਸਰਕਾਰ ਨਹੀਂ ਭਰ ਰਹੀ ਹੈ।  

ਉਨ੍ਹਾਂ ਕਿਹਾ ਕਿ ਅਸੀਂ 300 ਯੂਨਿਟ ਤੱਕ ਮੁਫ਼ਤ ਬਿਜਲੀ ਅਤੇ 25 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾਵਾਂ ਦੇਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸੇ ਤਰ੍ਹਾਂ ਸਮਾਜ ਦੇ ਗ਼ਰੀਬ ਵਰਗਾਂ ਲਈ ਅਸੀਂ 3.5 ਲੱਖ ਰੁਪਏ ‘ਚ 100 ਗਜ਼ ਦਾ ਪਲਾਟ ਅਤੇ ਦੋ ਕਮਰੇ ਦਾ ਮਕਾਨ ਦੇਵਾਂਗੇ।

ਬਾਜਵਾ ਨੇ ਅੰਤ ਵਿੱਚ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਸੰਸਦ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਉਠਾਇਆ ਸੀ ਅਤੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵੀ ਇਸ ਦਾ ਵਾਅਦਾ ਕੀਤਾ ਸੀ ਅਤੇ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰਿਆਣਾ ਵਿੱਚ ਅਜਿਹਾ ਯਕੀਨੀ ਬਣਾਇਆ ਜਾਵੇਗਾ।