Washington- ਅਮਰੀਕਾ ’ਚ ਇੱਕ ਕੈਨੇਡੀਆਈ ਮਹਿਲਾ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਿਸਿਨ ਜ਼ਹਿਰ ਨਾਲ ਭਰੀਆਂ ਚਿੱਠੀਆਂ ਭੇਜਣ ਦੇ ਦੋਸ਼ ’ਚ 22 ਸਾਲ ਦੀ ਸਜ਼ਾ ਸੁਣਾਈ ਗਗਈ ਹੈ। ਉਕਤ ਔਰਤ ਵਲੋਂ ਟਰੰਪ ਨੂੰ ਇਹ ਚਿੱਠੀਆਂ ਉਦੋਂ ਭੇਜੀਆਂ ਗਈਆਂ ਸਨ, ਜਦੋਂ ਉਹ ਰਾਸ਼ਟਰਪਤੀ ਸਨ। ਪਾਸਕੇਲ ਫੇਰੀਅਰ (56) ਨਾਮੀ ਉਕਤ ਔਰਤ ਨੂੰ ਜੈਵਿਕ ਹਥਿਆਰਾਂ ਦੇ ਆਰੋਪਾਂ ’ਚ ਜਨਵਰੀ ਮਹੀਨੇ ਦੋਸ਼ੀ ਠਹਿਰਾਈ ਗਿਆ। ਟਰੰਪ ਨੂੰ ਸੰਬੋਧਿਤ ਘਾਤਕ ਲਿਫ਼ਾਫ਼ਾ ਡਿਲੀਵਰੀ ਤੋਂ ਪਹਿਲਾਂ ਸਤੰਬਰ 2020 ’ਚ ਫੜਿਆ ਗਿਆ ਸੀ। ਫੇਰੀਅਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਦੁੱਖ ਹੈ ਕਿ ਉਸ ਦੀ ਯੋਜਨਾ ਅਸਫ਼ਲ ਹੋ ਗਈ ਅਤੇ ਉਹ ‘‘ਟਰੰਪ ਨੂੰ ਨਹੀਂ ਰੋਕ ਸਕੀ।’’ ਉਸ ਨੇ ਕਿਹਾ, ‘‘ਮੈਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸ਼ਾਂਤੀਪੂਰਨ ਸਾਧਨ ਲੱਭਣਾ ਚਾਹੁੰਦੀ ਹਾਂ।’’
ਟਰੰਪ ਨੂੰ ਲਿਖੀ ਚਿੱਠੀ ’ਤੇ ਐਫ. ਬੀ. ਆਈ. ਨੂੰ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸਨ, ਜਿਸ ’ਚ ਉਸ ਨੇ ਟਰੰਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਸੀ। ਐਫ. ਬੀ. ਆਈ. ਦੇ ਚਾਰਜਿੰਗ ਦਸਤਾਵੇਜ਼ਾਂ ਮੁਤਾਬਕ ਉਸਨੇ ਚਿੱਠੀ ’ਚ ਲਿਖਿਆ, ‘‘ਮੈਂ ਤੁਹਾਡੇ ਲਈ ਇੱਕ ਨਵਾਂ ਨਾਂ ਲੱਭਿਆ ਹੈ : ‘ਦ ਅਗਲੀ ਟਾਈਰੈਂਟ ਕਲਾਊਨ’।
ਜ਼ਿਲ੍ਹਾ ਜੱਜ ਡੈਬਨੀ ਫਰੈਡਰਿਕ ਨੇ ਫੇਰੀਅਰ ਨੂੰ 262 ਮਹੀਨਿਆਂ ਦੀ ਸਜ਼ਾ ਸੁਣਾਈ ਹੈ, ਜਿਹੜੀ ਕਿ 22 ਸਾਲ ਤੋਂ ਥੋੜ੍ਹੀ ਘੱਟ ਹੈ। ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਹ ਕਦੇ ਵਾਪਸ ਪਰਤੀ ਤਾਂ ਉਸ ਨੂੰ ਜੀਵਨ ਭਰ ਨਿਗਰਾਨੀ ਹੇਠ ਰਹਿਣਾ ਪਏਗਾ। ਜੱਜ ਫਰੈਡਰਿਕ ਨੇ ਫੇਰੀਅਰ ਨੂੰ ਕਿਹਾ ਕਿ ਉਸ ਦੀਆਂ ਹਰਕਤਾਂ ਸੰਭਾਵਿਤ ਤੌਰ ’ਤੇ ਘਾਤਕ ਅਤੇ ਸਮਾਜ ਲਈ ਹਾਨੀਕਾਰਕ ਸਨ। ਇੰਨਾ ਹੀ ਨਹੀਂ, ਫੇਰੀਅਰ ਨੇ ਇਹ ਗੱਲ ਵੀ ਮੰਨੀ ਹੈ ਕਿ ਉਸ ਨੇ ਟੈਕਸਾਸ ’ਚ ਕਾਨੂੰਨ ਲਾਗੂ ਕਰਨ ਵਾਲੇ ਅੱਠ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੀਆਂ ਚਿੱਠੀਆਂ ਭੇਜੀਆਂ ਹਨ। ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਸਾਲ 2019 ’ਚ ਉਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਅਤੇ ਬਿਨਾਂ ਕਿਸੇ ਜਾਇਜ਼ ਲਾਈਸੈਂਸ ਦੇ ਡਰਾਈਵਿੰਗ ਕਰਨ ਲਈ ਲਗਭਗ 10 ਹਫ਼ਤਿਆਂ ਲਈ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਨਜ਼ਰਬੰਦੀ ਲਈ ਉਨ੍ਹਾਂ ਅਧਿਕਾਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ। ਫੇਰੀਅਰ, ਜਿਸ ਨੂੰ ਕਿ ਫਰਾਂਸ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਹੈ, ਨੂੰ ਸਤੰਬਰ 2020 ’ਚ ਬਫੇਲੋ, ਨਿਊਯਾਰਕ ’ਚ ਸਰਹੱਦ ਪਾਰ ਕਰਦਿਆਂ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਕੋਲ ਇੱਕ ਬੰਦੂਕ, ਚਾਕੂ ਅਤੇ ਗੋਲਾ ਬਾਰੂਦ ਸੀ।