PAU ਵਿਚ ਆਈ ਸੀ ਏ ਆਰ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਵਣ ਮਹਾਂਉਤਸਵ ਮਨਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਇਹ ਸਮਾਗਮ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਥਾਪਨਾ ਦਿਵਸ ਦੇ ਪ੍ਰਸੰਗ ਵਿਚ ਕੀਤਾ ਗਿਆ। ਇਸ ਦਿਨ ਨੂੰ ਆਈ ਸੀ ਏ ਆਰ ਨੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਲਈ ‘ਹਰ ਵੱਟ ਤੇ ਰੁੱਖ’ ਮੁਹਿੰਮ ਨਾਲ ਜੋੜਿਆ। ਵਿਭਾਗ ਵੱਲੋਂ ਇਸ ਸੰਬੰਧ ਵਿੱਚ ਲੁਧਿਆਣਾ ਜ਼ਿਲੇ ਦੇ ਪਿੰਡਾਂ ਮਨਸੂਰਾਂ, ਭੂੰਦੜੀ, ਐਤੀਆਣਾ, ਲੀਲਾਂ ਅਤੇ ਪੱਬੀਆਂ ਵਿੱਚ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਤੇ ਬੋਲਦਿਆਂ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਾਤਾਵਰਨ ਸੁਰੱਖਿਆ ਦੇ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਵਾਤਾਵਰਨ ਨੇ ਸਾਨੂੰ ਭੋਜਨ, ਆਕਸੀਜਨ ਅਤੇ ਛਾਂ ਵਰਗੇ ਅਣਗਿਣਤ ਲਾਭ ਦਿੱਤੇ ਹਨ।

ਇਹਨਾਂ ਅਹਿਸਾਨਾਂ ਦਾ ਬਦਲਾ ਮਨੁੱਖ ਸਾਰੀ ਉਮਰ ਨਹੀਂ ਚੁਕਾ ਸਕਦਾ । ਉਹਨਾਂ ਕਿਹਾ ਕਿ ਗੁਰੂਆਂ, ਸੰਤਾਂ ਅਤੇ ਸੁਧਾਰਕਾਂ ਕੋਲੋਂ ਸਾਨੂੰ ਰੁੱਖ ਲਾਉਣ ਦੀ ਸਹੀ ਮਹੱਤਤਾ ਦਾ ਅੰਦਾਜ਼ਾ ਹੋ ਸਕਦਾ ਹੈ। ਉੱਪਰ ਦੱਸੇ ਪਿੰਡਾਂ ਦੇ ਕਿਸਾਨਾਂ ਨੇ ਇਸ ਮੌਕੇ ਰੁੱਖ ਲਾਉਣ ਬਾਰੇ ਵਿਸ਼ੇਸ਼ ਉਤਸ਼ਾਹ ਦਾ ਪ੍ਰਗਟਾਵਾ ਕੀਤਾ । ਕੋਵਿਡ ਦੌਰਾਨ ਆਕਸੀਜਨ ਦਾ ਮਹੱਤਵ ਸਾਹਮਣੇ ਆਇਆ ਅਤੇ ਰੁੱਖਾਂ ਦੀ ਅਸਲ ਕੀਮਤ ਪਤਾ ਚਲੀ ਹੈ। ਇਹਨਾਂ ਪਿੰਡਾਂ ਵਿੱਚ ਨਿੰਮ, ਆਓਲਾ, ਬਹੇੜਾ, ਸੁਖਚੈਨ, ਅਰਜੁਨ, ਬੈੱਲ, ਟਾਹਲੀ, ਧਰੇਕ, ਸੁਹਾਂਜਣਾ, ਸਾਗਵਾਨ, ਅੰਬ, ਨਿੰਬੂ, ਅੰਗੂਰ, ਜਾਮਣ ਆਦਿ ਦੇ 500 ਤੋਂ ਵਧੇਰੇ ਰੁੱਖ ਲਾਏ ਗਏ । ਇਸ ਮੌਕੇ ਮੈਂਬਰ ਪੰਚਾਇਤ, ਸਰਪੰਚ, ਰਾਜ ਦੇ ਖੇਤੀ ਵਿਕਾਸ ਅਧਿਕਾਰੀ ਅਤੇ ਕਿਸਾਨ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ