ਸ਼ਰਾਬ ਦੇ ਠੇਕਿਆਂ ਬਾਹਰ ਨਹੀਂ ਵੱਜੇਗਾ ਢੌਲ, ਹੋਰ ਤਿਆਰੀ ‘ਚ ਮਾਨ ਸਰਕਾਰ

ਚੰਡੀਗੜ੍ਹ- ਮਾਰਚ ਮਹੀਨੇ ਦੇ ਆਖਰੀ ਦਿਨ ਪੰਜਾਬ ਭਰ ਦੇ ਸ਼ਰਾਬ ਠੇਕਿਆਂ ਬਾਹਰ ਢੌਲ ਵਜਾ ਕੇ ਦੁਕਾਨਦਾਰ ਪੁਰਾਣਾ ਸਟਾਕ ਵੇਚ ਦਿੰਦੇ ਹਨ । ਸ਼ਰਾਬੀਆਂ ਦੀ ਇਸ ਦਿਨ ਖੂਬ ਮੌਜ ਹੁੰਦੀ ਹੈ । ਢੋਲ ਦੀ ਥਾਪ ਉਸ ਦਿਨ ਲਾਲ ਪਰੀ ਦੇ ਸ਼ੌਕੀਨਾਂ ਨੂੰ ਵੱਖਰਾ ਹੀ ਮਜ਼ਾ ਦਿੰਦੀ ਹੈ । ਪਰ ਇਸ ਵਾਰ ਕੰਮ ਸੁੱਕਾ ਹੀ ਜਾਪ ਰਿਹਾ ਹੈ । ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਵਿੱਚ ਹੋਈ ਹਲਚਲ ਦਾ ਅਸਰ ਪੰਜਾਬ ਵਿੱਚਵੀ ਦਿਖਾਈ ਦੇਣ ਲੱਗਿਆ ਹੈ । ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਨਵੇਂ ਸਿਰੇ ਤੋਂ ਨਿਲਾਮੀ ਕਰਵਾਉਣ ਦੀ ਬਜਾਏ ਪੁਰਾਣੇ ਲਾਇਸੈਂਸਾਂ ਨੂੰ ਹੀ ਰਿਨਿਊ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰਸਮੀ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ।

ਸ਼ਰਾਬ ਨੀਤੀ ਦੇ ਆਨਲਾਈਨ ਫਾਰਮ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹੈ । ਸ਼ਰਾਬ ਦੇ ਠੇਕਿਆਂ ਨੂੰ ਰਿਨਿਊ ਦੀ ਪ੍ਰਕਿਰਿਆ ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼ਰਾਬ ਦੀ ਨਵੀਂ ਨੀਤੀ ਦੇ ਚਲਦਿਆਂ ਮਾਲੀਆ 6 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ 9500 ਕਰੋੜ ਰੁਪਏ ਹੋ ਗਿਆ ਹੈ । ਮਾਲੀਏ ਦੇ ਲਈ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਸੂਬਾ ਸਰਕਾਰ ਨੇ ਅੰਤਰਰਾਜੀ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਆਬਕਾਰੀ-ਕਰ ਵਿਭਾਗ ਅਤੇ ਪੰਜਾਬ ਪੁਲਿਸ ਦੀਆਂ 72 ਸਾਂਝੀਆਂ ਟੀਮਾਂ ਦਾ ਗਠਨ ਕੀਤਾ ਹੈ। ਇਨ੍ਹਾਂ ਟੀਮਾਂ ਨੂੰ ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਹੱਦਾਂ ਸਮੇਤ ਰਾਜ ਮਾਰਗਾਂ ‘ਤੇ ਗਸ਼ਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਰਾਬ ਮਾਫੀਆ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। 63 ਤੋਂ ਵੱਧ ਸ਼ਰਾਬ ਨਾਲ ਭਰੇ ਟਰੱਕ ਜ਼ਬਤ ਕੀਤੇ ਗਏ ਹਨ।