PAU ਦੇ ਐਥਲੀਟ ਨੇ ਜਿੱਤਿਆ ਸੋਨ ਤਮਗਾ

ਲੁਧਿਆਣਾ : ਪੀ ਏ ਯੂ ਵਿਚ ਖੇਤੀਬਾੜੀ ਕਾਲਜ ਦੇ ਐਥਲੀਟ ਜੋਬਨਜੀਤ ਸਿੰਘ ਨੇ ਬੀਤੇ ਦਿਨੀਂ ਯੂਨੀਵਰਸਿਟੀ ਲਈ ਮਾਣ ਵਾਲੇ ਪਲ ਅਰਜਿਤ ਕੀਤੇ। ਉਸਨੇ ਵਾਰ ਹੀਰੋ ਸਟੇਡਿਅਮ ਸੰਗਰੂਰ ਵਿਖੇ ਹੋਏ ਭਾਰਤ ਐਥਲੈਟਿਕਸ ਫੈਡਰੇਸ਼ਨ ਦੇ ਫੈਡਰੇਸ਼ਨ ਕੱਪ ਵਿਚ 200 ਮੀਟਰ ਦੌੜ ਦੇ ਚੋਣ ਟਰਾਇਲਾਂ ਵਿਚ ਸੋਨੇ ਦਾ ਤਮਗਾ ਜਿੱਤਿਆ। ਉਹ ਜਨਵਰੀ 2021 ਵਿਚ ਜੂਨੀਅਰ ਪੰਜਾਬ ਓਪਨ ਐਥਲੈਟਿਕਸ ਮੁਕਾਬਲਿਆਂ ਵਿਚ 200 ਮੀਟਰ ਅਤੇ 400 ਮੀਟਰ ਦੌੜਾਂ ਵਿਚ ਵੀ ਤੀਜੇ ਸਥਾਨ ਤੇ ਰਿਹਾ ਸੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ ਨੇ ਜੋਬਨਜੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਲੇਖ ਲਿਖਣ ਬਾਰੇ ਵੈਬੀਨਾਰ ਹੋਇਆ

ਪੀ ਏ ਯੂ ਦੇ ਸੰਚਾਰ ਕੇਂਦਰ ਅਤੇ ਪਸਾਰ ਸਿਖਿਆ ਵਿਭਾਗ ਨੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਅੱਜ ਇਕ ਵੈਬੀਨਾਰ ਕਰਾਇਆ। ਇਹ ਵੈਬੀਨਾਰ ਪਸਾਰ ਲੇਖਾਂ ਦੇ ਪ੍ਰਭਾਵਸ਼ਾਲੀ ਲੇਖਣ ਬਾਰੇ ਸੀ। ਇਸਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਕੀਤੀ। ਡਾ ਮਾਹਲ ਨੇ ਕਿਹਾ ਕਿ ਬਿਹਤਰ ਪਸਾਰ ਸੇਵਾਵਾਂ ਲਈ ਸਰਲ ਤੇ ਸਪਸ਼ਟ ਲਿਖਤਾਂ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅੱਜ ਦਾ ਵੈਬੀਨਾਰ ਇਸ ਬਾਰੇ ਭਰਪੂਰ ਜਾਣਕਾਰੀ ਮੁਹਈਆ ਕਰਾਏਗਾ। ਅੱਜ ਦੇ ਭਾਸ਼ਣ ਕਰਤਾਵਾਂ ਵਿਚ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਡਾ ਨਰਿੰਦਰਪਾਲ ਸਿੰਘ ਨੇ ਕਾਮਯਾਬੀ ਦੀ ਕਹਾਣੀ ਲਿਖਣ ਦੇ ਗੂਰ ਦੱਸੇ।

ਉਨ੍ਹਾਂ ਕਿਹਾ ਕਿ ਕਿਸਾਨ ਦੀ ਸਫਲਤਾ ਨੂੰ ਮਹਿਸੂਸ ਕੇ ਸਰਲ ਭਾਸ਼ਾ ਵਿਚ ਲਿਖਣਾ ਇਕ ਕਲਾ ਹੈ। ਇਹ ਕਹਾਣੀਆਂ ਲਿਖਦਿਆਂ ਲੇਖਕ ਨੂੰ ਤਕਨੀਕੀ ਜਾਣਕਾਰੀ ਨੂੰ ਲੋਕਾਂ ਦੇ ਪੱਧਰ ਤੱਕ ਲਿਆਉਣਾ ਚਾਹੀਦਾ ਹੈ। ਸੰਪਾਦਕ ਪੰਜਾਬੀ ਡਾ ਜਗਵਿੰਦਰ ਸਿੰਘ ਨੇ ਅਖਬਾਰਾਂ ਤੇ ਪੱਤਰਕਾਵਾਂ ਵਿਚ ਲੇਖ ਲਿਖਣ ਬਾਰੇ ਗਲ ਕੀਤੀ। ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐਸ ਸੋਢੀ ਨੇ ਰੇਡੀਓ, ਟੀ ਵੀ ਵਾਰਤਾਵਾਂ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਗਲ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਭਾਸ਼ਾ ਅਪਣਾ ਕੇ ਹੀ ਪਸਾਰ ਕਰਮੀ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦਾ ਹੈ।

ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ ਸਰਜੀਤ ਸਿੰਘ ਗਿਲ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਡਾ ਪ੍ਰਭਜੋਧ ਸੰਧੂ ਨੇ ਵੀ ਵੈਬੀਨਾਰ ਬਾਰੇ ਕੁਝ ਵਿਚਾਰ ਦਿੱਤੇ। ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਸੰਚਾਲਨ ਕਰਦਿਆਂ ਬਹੁਤ ਸਾਰੇ ਨੁਕਤੇ ਸਰੋਤਿਆਂ ਸਾਮ੍ਹਣੇ ਖੋਲ੍ਹ ਕੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਹ ਵੈਬੀਨਾਰ ਲੜੀ ਪਸਾਰ ਯੋਗਤਾ ਨੂੰ ਵਧਾਉਣ ਵਿਚ ਹਿੱਸਾ ਪਾਏਗੀ। ਬਾਗਬਾਨੀ ਵਿਭਾਗ ਪੰਜਾਬ ਤੋਂ ਡਾ ਸੁਖਦੀਪ ਹੁੰਦਲ ਨੇ ਅੱਜ ਦੇ ਵੈਬੀਨਾਰ ਨੂੰ ਲਾਹੇਵੰਦ ਕਿਹਾ। ਪਸਾਰ ਸਿਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ।

ਟੀਵੀ ਪੰਜਾਬ ਬਿਊਰੋ