PAU ਨੂੰ ਸਰਵੋਤਮ ਖੋਜ ਕੇਂਦਰ ਵਜੋਂ ਮਿਲਿਆ ਐਵਾਰਡ

ਲੁਧਿਆਣਾ :ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਬਾਇਓ ਕੰਟਰੋਲ ਸੈਕਸ਼ਨ ਨੂੰ ਸਾਲ 2020-21 ਲਈ ‘ਸਰਵੋਤਮ ਕੇਂਦਰ ਐਵਾਰਡ’ ਪ੍ਰਾਪਤ ਹੋਇਆ ਹੈ । ਇਹ ਐਵਾਰਡ ਕੇਂਦਰ ਨੂੰ ਬਾਇਲੋਜੀਕਲ ਰੋਕਥਾਮ ਖੋਜ ਦੇ ਖੇਤਰ ਵਿੱਚ, ਬਾਇਓਏਜੰਟਾਂ ਦੇ ਥੋਕ ਵਿੱਚ ਉਤਪਾਦਨ ਅਤੇ ਫਸਲੀ ਕੀੜਿਆਂ ਦੀ ਰੋਕਥਾਮ ਦੀਆਂ ਜੈਵਿਕ ਤਕਨਾਲੋਜੀਆਂ ਦੀ ਖੋਜ ਦੇ ਖੇਤਰ ਵਿੱਚ ਦਿੱਤਾ ਗਿਆ ਹੈ । ਬੀਤੇ ਦਿਨੀਂ ਇਹ ਐਵਾਰਡ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ 30ਵੀਂ ਮੀਟ ਵਿੱਚ ਪੀ.ਏ.ਯੂ. ਕੇਂਦਰ ਨੂੰ ਪ੍ਰਦਾਨ ਕੀਤਾ ਗਿਆ ।

ਜ਼ਿਕਰਯੋਗ ਹੈ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਵਿੱਚ ਪੂਰੇ ਦੇਸ਼ ਵਿੱਚੋਂ 37 ਕੇਂਦਰ ਹਨ ਅਤੇ ਇਸ ਪ੍ਰੋਜੈਕਟ ਦਾ ਉਦੇਸ਼ ਫ਼ਸਲਾਂ, ਫਲਾਂ ਅਤੇ ਸਬਜ਼ੀਆਂ ਦੇ ਖੇਤਰ ਵਿੱਚ ਕੀੜਿਆਂ ਦੀ ਰੋਕਥਾਮ ਲਈ ਵਾਤਾਵਰਨ ਪੱਖੀ ਤਕਨਾਲੋਜੀਆਂ ਦਾ ਨਿਰਮਾਣ ਕਰਨਾ ਹੈ । ਇਸ ਐਵਾਰਡ ਨੂੰ ਡਾ.ਨੀਲਮ ਜੋਸ਼ੀ, ਡਾ. ਪੀ ਐੱਸ ਸ਼ੇਰਾ, ਡਾ. ਰਵਿੰਦਰ ਕੌਰ ਅਤੇ ਡਾ. ਸੁਧੇਂਦੂ ਸ਼ਰਮਾ ਨੇ ਪ੍ਰਾਪਤ ਕੀਤਾ। ਪੀ.ਏ.ਯੂ. ਦੇ ਰਜਿਸਟਰਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਨਿਰਦੇਸ਼ਕ ਖੋਜ, ਨਿਰਦੇਸ਼ਕ ਪਸਾਰ ਸਿੱਖਿਆ, ਸਾਰੇ ਕਾਲਜਾਂ ਦੇ ਡੀਨ, ਡਾਇਰੈਕਟਰ ਸਾਹਿਬਾਨ ਨੇ ਸਮੁੱਚੀ ਟੀਮ ਅਤੇ ਕੇਂਦਰ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ