ਕੱਲ੍ਹ ਸੰਘਣੀ ਧੁੰਦ ਨਾਲ ਸ਼ੁਰੂ ਹੋਵੇਗੀ ਪੰਜਾਬੀਆਂ ਦੀ ਸਵੇਰ, ਯੈਲੋ ਅਲਰਟ ਜਾਰੀ

ਚੰਡੀਗੜ੍ਹ- ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਤੋਂ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਪਵੇਗੀ। ਇਸ ਨੂੰ ਲੈ ਕੇ ਮੌਸਮ ਕੇਂਦਰ ਚੰਡੀਗਡ਼੍ਹ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਲੁਧਿਆਣਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਰੋਪਡ਼, ਅੰਮ੍ਰਿਤਸਰ, ਬਠਿੰਡਾ, ਮੋਗਾ, ਮੁਕਤਸਰ, ਫ਼ਰੀਦਕੋਟ, ਫਿਰੋਜ਼ਪੁਰ ਤੇ ਮੁਹਾਲੀ ’ਚ ਧੁੰਦ ਦਾ ਅਸਰ ਸਭ ਤੋਂ ਵੱਧ ਰਹੇਗਾ। ਹੋਰਨਾਂ ਜ਼ਿਲ੍ਹਿਆਂ ’ਚ ਵੀ ਹਲਕੀ ਤੋਂ ਮੱਧਮ ਧੁੰਦ ਪੈ ਸਕਦੀ ਹੈ। ਇਸ ਦੌਰਾਨ ਰਾਤ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤਕ ਗਿਰਾਵਟ ਆ ਸਕਦੀ ਹੈ। ਹਾਲਾਂਕਿ ਵਿਭਾਗ ਨੇ 11 ਦਸੰਬਰ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।

ਧੁੰਦ ਸਬੰਧੀ ਵਿਭਾਗ ਨੇ ਵਾਹਨ ਚਾਲਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣ। ਉਧਰ ਬੁੱਧਵਾਰ ਨੂੰ ਬਠਿੰਡਾ 5.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਉਸ ਤੋਂ ਬਾਅਦ ਰੋਪਡ਼ ’ਚ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ ’ਚ ਤਾਪਮਾਨ 6 ਡਿਗਰੀ, ਅੰਮ੍ਰਿਤਸਰ ਤੇ ਫਿਰੋਜ਼ਪੁਰ ’ਚ 7.7 ਡਿਗਰੀ, ਜਲੰਧਰ ’ਚ 8.7 ਡਿਗਰੀ, ਲੁਧਿਆਣੇ ’ਚ 10.2 ਡਿਗਰੀ ਤੇ ਪਟਿਆਲੇ ’ਚ 10 ਡਿਗਰੀ ਤਾਪਮਾਨ ਦਰਜ ਕੀਤਾ ਗਿਆ।