ਲੁਧਿਆਣਾ : ਪੀ ਏ ਯੂ ਵਲੋਂ ਹਫਤਾਵਾਰ ਕਰਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਬਾਰੇ ਚਲੰਤ ਖੇਤੀ ਸਰੋਕਾਰਾਂ ਬਾਰੇ ਮਾਹਿਰਾਂ ਨੇ ਗੱਲਬਾਤ ਕੀਤੀ। ਖੇਤ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ ਮਹੇਸ਼ ਨਾਰੰਗ ਨੇ ਪਰਾਲੀ ਦੀ ਸੰਭਾਲ ਕਰਨ ਵਾਲੀ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਵਿਸ਼ੇਸ਼ ਕਰਕੇ ਆਲੂ ਬੀਜਣ ਵਾਲੇ ਕਿਸਾਨਾਂ ਵਾਸਤੇ ਪਰਾਲੀ ਦੀ ਸੰਭਾਲ ਲਈ ਪੀ ਏ ਯੂ ਵਲੋਂ ਸਿਫਾਰਿਸ਼ ਕੀਤੀ ਜਾਂਦੀ ਮਸ਼ੀਨਰੀ ਦਾ ਜ਼ਿਕਰ ਕੀਤਾ। ਪੌਦਾ ਰੋਗ ਵਿਗਿਆਨੀ ਡਾ ਅਮਰਜੀਤ ਸਿੰਘ ਤੇ ਕੀਟ ਵਿਗਿਆਨੀ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਵੇਖਿਆ ਗਿਆ ਹੈ ਕਿ ਝੋਨੇ ਦੀ ਫਸਲ ਬਿਲਕੁਲ ਤਿਆਰ ਹੈ ਪਰ ਕਿਸਾਨ ਅਜੇ ਵੀ ਕੁਝ ਰਸਾਇਣਾਂ ਦਾ ਛਿੜਕਾਅ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤੀ ਉਪਜ ਵਿਚ ਰਸਾਇਣਿਕ ਅੰਸ਼ਾਂ ਦੀ ਲੋੜੋਂ ਵੱਧ ਮਿਕਦਾਰ ਤੋਂ ਬਚਣ ਲਈ ਹੁਣ ਛਿੜਕਾਅ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਾਲੇ ਤੇਲੇ, ਘੰਡੀ ਰੋਗ ਦੀ ਸ਼ਿਕਾਇਤ ਹੋਣ ਦੀ ਸੂਰਤ ਵਿਚ ਇਨ੍ਹਾਂ ਦੀ ਰੋਕਥਾਮ ਦੇ ਤਰੀਕੇ ਵੀ ਦੱਸੇ।
ਖੁੰਬ ਉਤਪਾਦਨ ਬਾਰੇ ਆਨਲਾਈਨ ਸਿਖਲਾਈ ਦਿੱਤੀ
ਪੀ ਏ ਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਖੁੰਬ ਉਤਪਾਦਨ ਦੀਆਂ ਵਿਕਸਿਤ ਵਿਧੀਆਂ ਦੀ ਸਿਖਲਾਈ ਦੇਣ ਲਈ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਾਇਆ ਗਿਆ।
ਨੌਕਰੀ ਕਰ ਰਹੇ ਕਰਮਚਾਰੀਆਂ ਲਈ ਲਾਏ ਗਏ ਇਸ ਕੋਰਸ ਵਿਚ ਖੇਤੀ, ਬਾਗਬਾਨੀ ਤੇ ਭੂਮੀ ਸੰਭਾਲ ਅਧਿਕਾਰੀਆਂ ਦੇ ਨਾਲ ਪੀ ਏ ਯੂ ਮਾਹਿਰਾਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 21 ਸਿਖਿਆਰਥੀ ਸ਼ਾਮਿਲ ਹੋਏ।
ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ ਕੁਲਦੀਪ ਸਿੰਘ ਨੇ ਖੁੰਬਾਂ ਦੀ ਵਧੇਰੇ ਉਪਜ ਲੈਣ ਲਈ ਵਿਕਸਿਤ ਵਿਧੀਆਂ ਅਪਨਾਉਣ ਦੀ ਗੱਲ ਕੀਤੀ। ਕੋਰਸ ਕੁਆਡੀਨੇਟਰ ਡਾ ਕਿਰਨ ਗਰੋਵਰ ਨੇ ਕਿਹਾ ਕਿ ਖੇਤੀ ਰਹਿੰਦ-ਖੂੰਹਦ ਦੀ ਵਰਤੋਂ ਖੁੰਬਾਂ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ।
ਇਹ ਵਿਟਾਮਿਨਾਂ ਨਾਲ ਭਰਪੂਰ ਖ਼ੁਰਾਕ ਹੈ। ਖੁੰਬਾਂ ਦੇ ਮਾਹਿਰ ਵਿਗਿਆਨੀ ਡਾ ਸ਼ਿਵਾਨੀ ਸ਼ਰਮਾ ਨੇ ਖੁੰਬ ਉਤਪਾਦਨ ਦੇ ਮੂਲ-ਢਾਂਚੇ ਦੀ ਉਸਾਰੀ ਅਤੇ ਉਤਪਾਦਨ ਦੇ ਭਿੰਨ-ਭਿੰਨ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਵਰਤੋਂ ਖੁੰਬ ਉਤਪਾਦਨ ਲਈ ਕੀਤੀ ਜਾ ਸਕਦੀ ਹੈ।
ਪਰਾਲੀ ਨਾਲ ਕਣਕ ਦੀ ਤੂੜੀ ਨੂੰ ਮਿਲਾ ਕੇ ਵੀ ਇਸ ਮਕਸਦ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਸਟੋਰੇਜ ਤੇ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਗਗਨਦੀਪ ਕੌਰ ਅਤੇ ਡਾ. ਜਸਪ੍ਰੀਤ ਕੌਰ ਨੇ ਵੀ ਬਟਨ, ਓਸਟਰ, ਮਿਲਕੀ, ਸ਼ਿਤਾਕੀ ਅਤੇ ਪਰਾਲੀ ਖੁੰਬਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਕਿਰਨ ਗਰੋਵਰ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ।
ਟੀਵੀ ਪੰਜਾਬ ਬਿਊਰੋ