ਡੈਸਕ- ਪੰਜਾਬ ਵਿਚ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ। ਪੰਜਾਬ ’ਚ ਦੀਵਾਲੀ ’ਤੇ 2 ਘੰਟਿਆਂ ਲਈ ਸਿਰਫ਼ ਗ੍ਰੀਨ ਪਟਾਕੇ ਹੀ ਚਲਾਏ ਜਾ ਸਕਣਗੇ।
ਪੰਜਾਬ ਦੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰ ਗ੍ਰੀਨ ਪਟਾਕੇ ਚਲਾਉਣ ਨੂੰ ਉਤਸ਼ਾਹਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਸਿਰਫ਼ ਗ੍ਰੀਨ ਪਟਾਕਿਆਂ ਦੀ ਆਗਿਆ ਦੇ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਦੀਵਾਲੀ (ਰਾਤ 8 ਤੋਂ 10 ਵਜੇ ਤੱਕ), ਗੁਰਪੁਰਬ (ਤੜਕੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ), ਕ੍ਰਿਸਮਸ (ਰਾਤ 11.55 ਤੋਂ 12.30 ਵਜੇ ਤੱਕ) ਅਤੇ ਨਵੇਂ ਸਾਲ (11.55 ਵਜੇ ਤੋਂ 12.30 ਵਜੇ ਤੱਕ) ਸਿਰਫ ਗ੍ਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ।