ਚੰਡੀਗੜ੍ਹ- ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਇਕ ਹੋਰ ਫੈਸਲਾ ਬਦਲ ਦਿੱਤਾ ਹੈ । ਪਰ ਇਹ ਬਦਲਾਅ ਸਕਰਾਤਮਕ ਰੂਪ ਚ ਹੈ । ਪੰਜਾਬ ਸਰਕਾਰ ਨੇ ਹੁਣ ਸੂਬੇ ਭਰ ਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਗਿਣਤੀ ਵਧਾ ਦਿੱਤੀ ਹੈ ।
ਆਮ ਆਦਮੀ ਕਲੀਨਿਕ ਯਾਨੀ ਮੁਹੱਲਾ ਕਲੀਨਿਕ ਹੁਣ 15 ਅਗਸਤ ਆਜ਼ਾਦੀ ਦਿਵਸ ‘ਤੇ ਮੁਕੰਮਲ ਤਰੀਕੇ ਨਾਲ ਖੋਲ੍ਹੇ ਜਾਣਗੇ ਪਰ ਪੰਜਾਬ ਵਿਚ ਹੁਣ 75 ਦੀ ਬਜਾਏ 100 ਕਲੀਨਿਕ ਖੁੱਲ੍ਹਣਗੇ। ਇਹ ਜਾਣਕਾਰੀ ਸਿਹਤ ਵਿਭਾਗ ਦੇ ਪਰਿਵਾਰ ਭਲਾਈ ਸਿਹਤ ਅਤੇ ਤੰਦਰੁਸਤੀ ਕੇਂਦਰੀ ਪ੍ਰੋਗਰਾਮ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਭੇਜੀ ਗਈ ਹੈ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿਵਲ ਸਰਜਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਥਾਵਾਂ ’ਤੇ ਆਮ ਆਦਮੀ ਕਲੀਨਿਕ ਖੋਲ੍ਹੇ ਜਾਣੇ ਹਨ, ਉਥੇ ਸਫ਼ਾਈ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾਣ। 15 ਅਗਸਤ ਨੂੰ ਸਾਰੇ ਕੇਂਦਰ ਮੁਕੰਮਲ ਤਰੀਕੇ ਨਾਲ ਚਾਲੂ ਕੀਤੇ ਜਾਣਗੇ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 65 ਮੁਹੱਲਾ ਕਲੀਨਿਕ ਸੇਵਾ ਕੇਂਦਰਾਂ ਵਿਚ ਅਤੇ 35 ਮੁਹੱਲਾ ਕਲੀਨਿਕ ਪਿੰਡਾਂ ਵਿਚ ਬਣਨ ਜਾ ਰਹੇ ਹਨ। ਪੰਜਾਬ ‘ਚ ਸਭ ਤੋਂ ਜ਼ਿਆਦਾ 15 ਮੁਹੱਲਾ ਕਲੀਨਿਕ ਮੁਹਾਲੀ ਵਿਚ ਖੁੱਲ੍ਹਣ ਜਾ ਰਹੇ ਹਨ।