ਮੁਹਾਲੀ – ਪੰਜਾਬ ਵਿੱਚ ਸੋਮਵਾਰ ਤੋਂ ਪਹਿਲਾ ਸਰਕਾਰੀ ਰੇਤਾ-ਬਜਰੀ ਵਿਕਰੀ ਕੇਂਦਰ ਸ਼ੁਰੂ ਹੋ ਗਿਆ ਹੈ। ਮੁਹਾਲੀ ਦੇ ਚੰਡੀਗੜ੍ਹ-ਕੁਰਾਲੀ ਰੋਡ ’ਤੇ ਸਥਿਤ ਈਕੋ ਸਿਟੀ-2 ਵਿਖੇ ਖੋਲ੍ਹੇ ਗਏ ਇਸ ਕੇਂਦਰ ਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਕੇਂਦਰ ਤੋਂ ਸਰਕਾਰੀ ਰੇਟ ‘ਤੇ ਰੇਤਾ-ਬਜਰੀ ਮਿਲੇਗੀ। ਇਸ ਦੇ ਲਈ ਕੇਂਦਰ ਵਿੱਚ ਸਰਕਾਰੀ ਖੱਡਾਂ ਤੋਂ ਸਪਲਾਈ ਕੀਤੀ ਜਾਵੇਗੀ।
ਕੇਂਦਰ ‘ਤੇ ਇੱਕ ਸਾਈਨ ਬੋਰਡ ਵੀ ਲਗਾਇਆ ਗਿਆ ਹੈ, ਜਿਸ ‘ਤੇ ਸਹਾਇਕ ਮਾਈਨਿੰਗ ਅਫਸਰ ਅਤੇ ਮਾਈਨਿੰਗ ਇੰਸਪੈਕਟਰ ਦਾ ਨੰਬਰ ਲਿਖਿਆ ਹੋਇਆ ਹੈ। ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਕੋਈ ਲੁੱਟ ਨਹੀਂ ਹੋਵੇਗੀ।ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਕੇਂਦਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਸਤੀ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਸਰਕਾਰੀ ਕੇਂਦਰ ਖੋਲ੍ਹੇ ਜਾਣਗੇ।
ਇਸ ਮੌਕੇ ਦੱਸਿਆ ਗਿਆ ਕਿ ਰੇਤਾ 28 ਰੁਪਏ ਪ੍ਰਤੀ ਫੁੱਟ ਅਤੇ ਬਜਰੀ 30 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਾਰਕੀਟ ਰੇਟ ਨਾਲੋਂ ਸਸਤੀ ਮਿਲੇਗੀ। ਮਾਰਕੀਟ ਰੇਟ ਅਤੇ ਸਰਕਾਰੀ ਕੇਂਦਰ ਦੇ ਰੇਟ ਵਿੱਚ ਡੇਢ ਤੋਂ ਦੋ ਰੁਪਏ ਦਾ ਫਰਕ ਹੋਵੇਗਾ।ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵੱਡੇ ਪੱਧਰ ‘ਤੇ ਨਾਜਾਇਜ਼ ਮਾਈਨਿੰਗ ਕਿਸੇ ਦੇ ਕਹਿਣ ‘ਤੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵੱਡੇ ਮਾਈਨਿੰਗ ਮਾਫੀਆ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦਾ ਕੇਸ ਵਿਜੀਲੈਂਸ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ ਅਤੇ ਜਾਂਚ ਟੀਮ ਸਖ਼ਤ ਕਦਮ ਚੁੱਕੇਗੀ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਲੰਬੇ ਸਮੇਂ ਤੋਂ ਰੇਤਾ-ਬੱਜਰੀ ਦੀ ਕਮੀ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਕਾਰਨ ‘ਆਪ’ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਅਤੇ ਵਿਰੋਧੀ ਧਿਰਾਂ ਦੀ ਘੇਰਾਬੰਦੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਚੋਣ ਪ੍ਰਚਾਰ ਦੌਰਾਨ ‘ਆਪ’ ਨੇ ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਅਤੇ ਲੋਕਾਂ ਨੂੰ ਸਸਤੇ ਭਾਅ ‘ਤੇ ਰੇਤਾ-ਬਜਰੀ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ, ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ, ਸਗੋਂ ਪਹਿਲਾਂ ਦੇ ਮੁਕਾਬਲੇ ਰੇਟ ਕਈ ਗੁਣਾ ਵਧ ਗਏ ਹਨ।