Vancouver – ਫਾਈਜ਼ਰ ਵੱਲੋਂ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਉੱਪਰ ਕੋਰੋਨਾ ਟੀਕੇ ਦਾ ਜੋ ਟਰਾਇਲ ਕਰਵਾਇਆ ਗਿਆ, ਇਸ ਦੌਰਾਨ ਇਹ ਟੀਕਾ ਬੱਚਿਆਂ ਦੇ ਉੱਪਰ ਸੁਰੱਖਿਅਤ ਪਾਇਆ ਗਿਆ ਹੈ। ਇਸ ਤੋਂ ਬਾਅਦ ਹੁਣ ਕੰਪਨੀ ਕੈਨੇਡਾ ਤੋਂ ਇਸ ਬਾਰੇ ਜਲਦ ਮਨਜ਼ੂਰੀ ਮੰਗ ਸਕਦੀ ਹੈ। ਫਾਈਜ਼ਰ ਦਾ ਕਹਿਣਾ ਹੈ ਕਿ ਉਹ ਹੈਲਥ ਕੈਨੇਡਾ ਤੋਂ ਇਹ ਮੰਗ ਕਰਨ ਦੀ ਤਿਆਰੀ ਕਰ ਰਹੇ ਹਨ ਕਿ ਉਹਨਾਂ ਦੀ ਵੈਕਸੀਨ ਨੂੰ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਲਗਾਉਣ ਸੰਬੰਧੀ ਮਨਜ਼ੂਰੀ ਦਿੱਤੀ ਜਾਵੇ। ਕੰਪਨੀ ਚਾਹੁੰਦੀ ਹੈ ਕਿ ਮਨਜ਼ੂਰੀ ਅਕਤੂਬਰ ਦੇ ਮੱਧ ਤਕ ਦੇ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਫਾਈਜ਼ਰ ਵੱਲੋਂ ਅਮਰੀਕਾ ਨੂੰ ਮੰਗ ਕੀਤੀ ਜਾ ਚੁੱਕੀ ਹੈ ਕਿ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਵੱਲੋਂ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਅਪੀਲ ਕੀਤੀ ਗਈ ਹੈ।
ਪਿਛਲੇ ਹਫ਼ਤੇ ਕੰਪਨੀ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਤੇ ਕੀਤੀ ਟ੍ਰਾਇਲ ਦੇ ਨਤੀਜੇ ਭੇਜੇ ਸਨ।
ਦੱਸਦਈਏ ਕਿ ਫਾਈਜ਼ਰ ਵੈਕਸੀਨ ਨੂੰ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਗਾਉਣ ਲਈ ਦਿਸੰਬਰ 2020 ਵਿੱਚ ਮਨਜ਼ੂਰ ਦਿੱਤੀ ਗਈ ਸੀ ਅਤੇ ਫ਼ਿਰ 12 ਤੋਂ 15 ਸਾਲ ਵਾਲੇ ਗਰੁੱਪ ਲਈ ਮਈ ਮਹੀਨੇ ‘ਚ ਮਨਜ਼ੂਰੀ ਮਿਲੀ ।ਇਸ ਦੇ ਨਾਲ ਹੀ ਜੋ ਛੋਟੇ ਬੱਚਿਆਂ ਦੇ ਲਗਾਈ ਜਾਣ ਵਾਲੀ ਵੈਕਸੀਨ ਦੀ ਡੋਜ਼ ਹੈ ਉਸ ਦਾ ਸਾਈਜ਼ ਆਮ ਲੋਕਾਂ ਦੇ ਲੱਗਦੀ ਖੁਰਾਕ ਦੇ ਮੁਕਾਬਲੇ ਇੱਕ ਤਿਹਾਈ ਹੋਵੇਗਾ।
ਫਾਈਜ਼ਰ ਨੇ ਅਤੇ ਹੈਲਥ ਕੈਨੇਡਾ ਨੇ ਹਾਲੇ ਤਕ ਇਹ ਸਾਫ ਨਹੀਂ ਕੀਤਾ ਕਿ ਕੀ ਕੈਨੇਡਾ ਵਿੱਚ ਫਰੀਜ਼ਰਾਂ ਵਿੱਚ ਪਈਆਂ ਖੁਰਾਕਾਂ ਬੱਚਿਆਂ ਦੇ ਲਗਾਉਣ ਲਈ ਅੱਡਪਟ ਕੀਤੀਆਂ ਜਾਂ ਸਕਣਗੀਆਂ ਜਾਂ ਨਵੀਂ ਸ਼ਿਪਮੈਂਟ ਮੰਗਵਾਉਣ ਦੀ ਜ਼ਰੂਰਤ ਪਵੇਗੀ।