ਲੰਡਨ-ਬਰਤਾਨੀਆ ‘ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਲੈਣ ਦੀ ਨਵਾਂ ਰਾਹ ਹੁਣ ਖੁੱਲ੍ਹ ਗਿਆ ਹੈ। ਗ੍ਰਹਿ ਵਿਭਾਗ ਨੇ ਵੀਰਵਾਰ ਨੂੰ ਇਨ੍ਹਾਂ ਵਿਦਿਆਰਥੀਆਂ ਲਈ ਨਵਾਂ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ ਕੀਤਾ ਹੈ। ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਤੇ ਹੋਰਨਾ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ੇ ਦੇ ਆਧਾਰ ‘ਤੇ ਨੌਕਰੀ ਕਰਨ ਲਈ ਇੱਥੇ ਰੁਕ ਸਕਣਗੇ। ਬਰਤਾਨੀਆ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਨਵੇਂ ਵਰਕ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਕੰਮ ਦੇ ਆਧਾਰ ‘ਤੇ ਡਿਗਰੀ ਕੋਰਸਾਂ ਦੀ ਚੋਣ ਕਰਦੇ ਹਨ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਮਾਨਤਾ ਪ੍ਰਾਪਤ ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਦੇ ਹਨ। ਵਿਦਿਆਰਥੀ ਇਸ ਵੀਜ਼ੇ ਦੇ ਆਧਾਰ ‘ਤੇ ਦੋ ਸਾਲ ਰਹਿ ਕੇ ਨੌਕਰੀ ਦੀ ਤਲਾਸ਼ ਕਰ ਸਕਣਗੇ। ਭਾਰਤੀ ਮੂਲ ਦੀ ਪ੍ਰਰੀਤੀ ਪਟੇਲ ਨੇ ਇਕ ਬਿਆਨ ‘ਚ ਕਿਹਾ ਕਿ ਬਿ੍ਟਿਸ਼ ਸਰਕਾਰ ਦੇ ਅੰਕ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਤਹਿਤ ਭਾਰਤ ਤੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਬਰਤਾਨੀਆ ‘ਚ ਆਪਣੇ ਪੱਧਰ ‘ਤੇ ਕਰੀਅਰ ਸ਼ੁਰੂ ਕਰਨ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਜੋ ਬਰਤਾਨੀਆ ‘ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ।