‘ਸਿਤਰੰਗ’ ਨੇ ਆਸਾਮ ‘ਚ ਮਚਾਇਆ ਕਹਿਰ, 83 ਪਿੰਡਾ ‘ਚ ਕੀਤੀ ਤਬਾਹੀ

ਗੁਹਾਟੀ- ਚੱਕਰਵਾਤੀ ਤੂਫ਼ਾਨ ਸਿਤਰੰਗ ਕਾਰਨ ਆਸਾਮ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ ਕਰੀਬ 83 ਪਿੰਡਾਂ ਦੇ 1100 ਤੋਂ ਵੱਧ ਲੋਕ ਚੱਕਰਵਾਤ ਕਾਰਨ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫਾਨ ਕਾਰਨ ਹੋਈ ਭਾਰੀ ਬਾਰਿਸ਼ ‘ਚ ਵੱਡੀ ਗਿਣਤੀ ‘ਚ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਤੂਫਾਨ ਨਾਲ ਹੁਣ ਤਕ 1146 ਲੋਕ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤੂਫ਼ਾਨ ਕਾਰਨ ਕਰੀਬ 325.501 ਹੈਕਟੇਅਰ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਸੋਮਵਾਰ ਰਾਤ ਨੂੰ ਆਏ ਚੱਕਰਵਾਤੀ ਤੂਫਾਨ ਕਾਰਨ ਰਾਜ ਦੇ ਨਗਾਓਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। ਰਿਪੋਰਟਾਂ ਮੁਤਾਬਕ ਤੂਫਾਨ ਕਾਰਨ ਮੱਧ ਅਸਾਮ ਜ਼ਿਲ੍ਹੇ ਦੇ ਕਾਲੀਆਬੋਰ, ਬਾਮੁਨੀ, ਸਕਮੁਥੀਆ ਟੀ ਗਾਰਡਨ ਅਤੇ ਬੋਰਲੀਗਾਓਂ ਖੇਤਰਾਂ ‘ਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਚੱਕਰਵਾਤ ਕਾਰਨ ਹੋਈ ਭਾਰੀ ਤਬਾਹੀ ਦਰਮਿਆਨ ਰਾਹਤ ਦੀ ਖਬਰ ਇਹ ਹੈ ਕਿ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪ੍ਰਭਾਵਿਤ ਪਿੰਡ ਦੇ ਮੁਖੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਜੇ ਤਕ ਤੂਫਾਨ ਕਾਰਨ ਇਲਾਕੇ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਲੀਆਬੋਰ ਇਲਾਕੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਦਰੱਖਤ ਜੜ੍ਹੋਂ ਪੁੱਟੇ ਗਏ ਹਨ। ਇੱਕ ਸਰਕਾਰੀ ਪਿੰਡ ਦੇ ਮੁਖੀ ਵਜੋਂ ਮੈਂ ਪੂਰੇ ਪਿੰਡ ਦਾ ਦੌਰਾ ਕੀਤਾ ਹੈ ਅਤੇ ਮੈਂ ਆਪਣੇ ਸਰਕਲ ਅਫ਼ਸਰ ਨੂੰ ਨੁਕਸਾਨ ਦੀ ਰਿਪੋਰਟ ਸੌਂਪਾਂਗਾ।

ਇਸ ਦੌਰਾਨ ਚੱਕਰਵਾਤੀ ਤੂਫਾਨ ਸਿਤਰੰਗ ਕਾਰਨ ਪੱਛਮੀ ਬੰਗਾਲ ਦੇ 24 ਪਰਗਨਾ ‘ਚ ਬਕਖਾਲੀ ਬੀਚ ‘ਤੇ ਲਹਿਰਾਂ ਦੀ ਸੂਚਨਾ ਮਿਲੀ ਹੈ। ਸਿਵਲ ਡਿਫੈਂਸ ਕਰਮੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਲਈ ਕਿਹਾ ਹੈ, ਨਾਲ ਹੀ ਖੇਤਰ ਵਿੱਚ ਚਿਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਚੱਕਰਵਾਤ ‘ਸਿਤਰੰਗ’ ਪੱਛਮੀ ਬੰਗਾਲ ਦੇ ਤੱਟ ਨੂੰ ਪਾਰ ਕਰਕੇ ਬਾਰਿਸ਼ਲ ਨੇੜੇ ਬੰਗਲਾਦੇਸ਼ ਦੇ ਤੱਟ ਨਾਲ ਟਕਰਾ ਗਿਆ।