ਡੈਸਕ- ਰਾਸ਼ਟਰਪਤੀ ਜੋ ਬਾਇਡੇਨ ਕੋਲੋਰਾਡੋ ਵਿਚ ਅਮਰੀਕੀ ਏਅਰ ਫੋਰਸ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਲੜਖੜਾ ਕੇ ਡਿੱਗ ਪਏ। ਪ੍ਰਮਾਣ ਪੱਤਰ ਦੇਣ ਦੇ ਬਾਅਦ ਬਾਇਡੇਨ ਜਿਵੇਂ ਹੀ ਅੱਗੇ ਵਧੇ ਉਨ੍ਹਾਂ ਦਾ ਪੈਰ ਸੈਂਡਬੈਗ ਵਿਚ ਫਸ ਗਿਆ ਤੇ ਉਹ ਡਿੱਗ ਪਏ। ਹਾਲਾਂਕਿ ਡਿਗਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਫੌਜ ਦੇ ਇਕ ਅਧਿਕਾਰੀ ਦੇ ਨਾਲ-ਨਾਲ ਉਨ੍ਹਾਂ ਦੇ ਯੂਐੱਸ ਸੀਕ੍ਰੇਟਸਰਵਿਸ ਦੇ ਦੋ ਮੈਂਬਰਾਂ ਵੱਲੋਂ ਚੁੱਕਿਆ ਗਿਆ, ਉਹ ਜਲਦੀ ਤੋਂ ਉਠੇ ਤੇ ਵਾਪਸ ਆਪਣੀ ਸੀਟ ‘ਤੇ ਚਲੇ ਗਏ ਪਰ ਬਾਇਡੇਨ ਦੇ ਡਿਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਬਾਇਡੇਨ ਨੇ ਯੂਐਸ ਏਅਰ ਫੋਰਸ ਅਕੈਡਮੀ ਦੇ ਗ੍ਰੈਜੂਏਟਾਂ ਨੂੰ ਸੇਵਾ ਲਈ ਚੁਣਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸਨੂੰ ਹੁਣ ਇੱਕ ਅਜਿਹੀ ਦੁਨੀਆ ਵਿੱਚ ਅਗਵਾਈ ਕਰਨ ਦਾ “ਮਹਾਨ ਸਨਮਾਨ” ਪ੍ਰਾਪਤ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਉਲਝਣ ਵਾਲਾ ਹੋਵੇਗਾ।
ਵ੍ਹਾਈਟ ਹਾਊਸ ਨੇ ਕਿਹਾ ਕਿ ਡਿਗਣ ਦੇ ਬਾਅਦ ਜੋ ਬਾਇਡੇਨ ਠੀਕ ਹਨ। ਉਹ ਉਸ ਸਮੇਂ ਲੜਖੜਾ ਗਏ ਜਦੋਂ ਉਹ ਪੋਡੀਅਮ ਤੋਂ ਵਾਪਸ ਜਾ ਰਹੇ ਸਨ ਜਿਥੇ ਉਨ੍ਹਾਂ ਨੇ ਅਕਾਦਮੀ ਦੇ ਗ੍ਰੈਜੂਏਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੈਂਕੜੇ ਕੈਡੇਟਸ ਨੂੰ ਵਧਾਈ ਦਿੱਤੀ ਤੇ ਪ੍ਰਮਾਣ ਪੱਤਰ ਵੰਡੇ। ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਬੇਨ ਲਾਬੋਟ ਨੇ ਟਵੀਟ ਕਰਕੇ ਦੱਸਿਆ ਕਿ ਬਾਇਡੇਨ ਪੂਰੀ ਤਰ੍ਹਾਂ ਠੀਕ ਹਨ। ਉਹ ਹੱਥ ਮਿਲਾਉਂਦੇ ਮੰਚ ‘ਤੇ ਇਕ ਸੈਂਡਬੈਗ ਨਾਲ ਟਕਰਾਕੇ ਡਿੱਗ ਗਏ ਸਨ।
ਜਾਣਕਾਰੀ ਮੁਤਾਬਕ ਜਿਸ ਪਲੇਟਫਾਰਮ ‘ਤੇ ਜੋ ਬਾਇਡੇਨ ਖੜ੍ਹੇ ਸਨ, ਉਸ ਦੇ ਨੇੜੇ ਰੇਤ ਨਾਲ ਭਰੇ ਬੈਗ ਲਗਾਏ ਗਏ ਸਨ। ਡਿੱਗ ਕੇ ਸੰਭਲਣ ਦੇ ਬਾਅਦ ਬਿਨਾਂ ਕਿਸੇ ਸਹਾਇਤਾ ਦੇ ਰਾਸ਼ਟਰਪਤੀ ਆਪਣੀ ਸੀਟ ‘ਤੇ ਵਾਪਸ ਚਲੇ ਗਏ ਤੇ ਸਮਾਰੋਹ ਦੌਰਾਨ ਉਤਸ਼ਾਹਿਤ ਦਿਖੇ।