ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸਫਲ ਦੌਰੇ ਤੋਂ ਬਾਅਦ ਐਤਵਾਰ ਨੂੰ ਭਾਰਤ ਵਾਪਸ ਪਰਤ ਆਏ। ਭਾਜਪਾ ਪ੍ਰਧਾਨ ਜੇਪੀ ਨੱਡਾ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਮੌਜੂਦ ਸਨ।
ਪੀਐਮ ਮੋਦੀ ਦੇ ਸਵਾਗਤ ਲਈ ਪਾਲਮ ਏਅਰਪੋਰਟ ਤੇ ਸ਼ਾਨਦਾਰ ਤਿਆਰੀਆਂ ਵੇਖੀਆਂ ਗਈਆਂ। ਭਾਜਪਾ ਵਰਕਰਾਂ ਨੇ ਢੋਲ ਦੇ ਡੱਗੇ ‘ਤੇ ਭੰਗੜੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਨੂੰ ਭਾਰਤ ਲਈ ਰਵਾਨਾ ਹੋਏ ਸਨ। 12 ਘੰਟਿਆਂ ਤੋਂ ਵੱਧ ਹਵਾਈ ਯਾਤਰਾ ਤੋਂ ਬਾਅਦ, ਪੀਐਮ ਮੋਦੀ ਐਤਵਾਰ ਨੂੰ 12 ਵਜੇ ਦਿੱਲੀ ਪਾਲਮ ਏਅਰਪੋਰਟ ਪਹੁੰਚੇ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ। ਤਿੰਨ ਦਿਨਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 76 ਵੇਂ ਸੈਸ਼ਨ ਨੂੰ ਸੰਬੋਧਨ ਕੀਤਾ ਅਤੇ ਪਹਿਲੇ ਸਿੱਧੇ ਕਵਾਡ ਸੰਮੇਲਨ ਵਿਚ ਹਿੱਸਾ ਲਿਆ।
ਇਸ ਤੋਂ ਇਲਾਵਾ, ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ-ਨਾਲ ਉਨ੍ਹਾਂ ਦੇ ਆਸਟਰੇਲੀਆਈ ਅਤੇ ਜਾਪਾਨੀ ਹਮਰੁਤਬਾ ਦੇ ਨਾਲ ਦੁਵੱਲੇ ਅਤੇ ਬਹੁਪੱਖੀ ਸਮਾਗਮਾਂ ਵਿਚ ਹਿੱਸਾ ਲਿਆ।
ਘਰ ਰਵਾਨਾ ਹੋਣ ਤੋਂ ਠੀਕ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿਚ ਅਮਰੀਕਾ ਵਿਚ ਦੁਵੱਲੇ ਅਤੇ ਬਹੁਪੱਖੀ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ ਜੋ ਬਹੁਤ ਲਾਭਦਾਇਕ ਰਹੇ ਹਨ।
ਟੀਵੀ ਪੰਜਾਬ ਬਿਊਰੋ