ਜਲੰਧਰ : ਸੂਬੇ ਵਿੱਚ ਸਿੱਖਿਆ ਦੇ ਨਾਲ ਖੇਡਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੰਜਾਬ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਡਾ.) ਜੇ.ਐਸ. ਚੀਮਾ ਨੇ ਅੱਜ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਰਾਜ ਵਿੱਚ ਖੇਡ ਵਿਗਿਆਨ ਨੂੰ ਉਤਸ਼ਾਹਿਤ ਕਰਨ ਲਈ ਉੱਤਮ ਕੇਂਦਰ ਵਜੋਂ ਉੱਭਰੇਗੀ।
ਉਹ ਇੱਥੇ ਸਥਾਨਕ ਸਰਕਾਰੀ ਆਰਟ ਅਤੇ ਸਪੋਰਟਸ ਕਾਲਜ ਵਿਖੇ ਅੰਤਰ-ਕਾਲਜ ਵਾਲੀਬਾਲ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਇਹ ਖੇਡ ਆਧਾਰਿਤ ਅਕਾਦਮਿਕ ਢਾਂਚਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਹੋਰ ਸਸ਼ਕਤ ਕਰੇਗਾ।
ਸਪੋਰਟਸ ਯੂਨੀਵਰਸਿਟੀ ਦੇ ਪਾਠਕ੍ਰਮ ‘ਤੇ ਚਾਨਣਾ ਪਾਉਂਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਸਪੋਰਟਸ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਨੂੰ ਬਿਹਤਰੀਨ ਕੋਰਸ ਮੁਹੱਈਆ ਕਰਵਾਉਣ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਮੈਨਪਾਵਰ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਖੇਡ ਸੰਸਥਾਵਾਂ ਪੰਜਾਬ ਵਿੱਚ ਸਪੋਰਟਸ ਈਕੋ ਸਿਸਟਮ ਪ੍ਰਦਾਨ ਕਰਨ ਵਿੱਚ ਸਹਾਇਕ ਸਿੱਧ ਹੋਣਗੀਆਂ। ਵਿੱਦਿਅਕ ਸੰਸਥਾਵਾਂ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ ਨੇ ਕਿਹਾ ਕਿ ਜਲੰਧਰ ਦੇ ਸਪੋਰਟਸ ਹੱਬ ਹੋਣ ਕਰਕੇ ਸਰਕਾਰੀ ਆਰਟ ਅਤੇ ਸਪੋਰਟਸ ਕਾਲਜ ਜਲੰਧਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਜਲਦੀ ਹੀ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਵੱਲੋਂ ਇੱਥੇ ਨਵੀਨਤਮ ਅਤੇ ਉੱਚ ਪੱਧਰੀ ਕੋਚਿੰਗ ਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਸੰਸਥਾਵਾਂ ਨਾਲ ਸਹਿਯੋਗ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਵਿਗਿਆਨਕ ਖੇਡ ਕੋਚਿੰਗ ਅਜਿਹੇ ਬਿਹਤਰੀਨ ਖਿਡਾਰੀਆਂ ਨੂੰ ਤਿਆਰ ਕਰਨ ਦੀ ਕੂੰਜੀ ਹੈ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਖੇਡ ਆਧਾਰਿਤ ਸਿੱਖਿਆ ਦਿਵਾਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਆਪਣੇ ਪੇਸ਼ੇਵਰ ਕਰੀਅਰ ਵਿੱਚ ਦੁਰਲੱਭ ਉਪਲਬਧੀਆਂ ਹਾਸਲ ਕਰ ਸਕਣ। ਇਸ ਦੌਰਾਨ ਵਾਈਸ ਚਾਂਸਲਰ ਵੱਲੋਂ ਇਨਾਮ ਵੰਡਣ ਤੋਂ ਇਲਾਵਾ ਸਮਾਗਮ ਵਿੱਚ ਸ਼ਾਮਲ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ।
ਟੀਵੀ ਪੰਜਾਬ ਬਿਊਰੋ