ਰਾਜਪਾਲ ਨੇ ਭਾਸ਼ਣ ਦੌਰਾਨ ਸਰਕਾਰ ਖਿਲਾਫ ਕੱਢੀ ਭੜਾਸ, ਕਾਂਗਰਸ ਨੇ ਮੁੱਦਾ ਬਣਾ ਕੀਤਾ ਵਾਕਆਊਟ

ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਾਹੇ ਕਨੂੰਨੀ ਦਾਅਰੇ ਚ ਫੰਸਦੇ ਹੋਏ ਵੇਖ ਪੰਜਾਬ ਦੀ ‘ਆਪ’ ਸਰਕਾਰ ਨੂੰ ਬਜਟ ਇਜਲਾਸ ਦੀ ਇਜ਼ਾਜ਼ਤ ਦੇ ਦਿੱਤੀ ,ਪਰ ਉਹ ਆਪਣੇ ਮਨ ਵਿਚੋਂ ਗੁੱਸਾ ਨਹੀਂ ਖਤਮ ਕਰ ਪਾਏ। ਅੱਜ ਪੰਜਾਬ ਵਿਧਾਨ ਸਭਾ ਚ ਬਜਟ ਇਜਲਾਸ ਦੇ ਸ਼ੁਰੂਆਤੀ ਭਾਸ਼ਣ ਦੌਰਾਨ ਰਾਜਪਾਲ ਪੁਰੋਹਿਤ ਨੇ ਸਰਕਾਰ ਨੂੰ ਖਰੀ ਖਰੀ ਸੁਣਾ ਦਿੱਤੀ । ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ “ਮੈਂ ਜੋ ਵੀ ਜਾਣਕਾਰੀ ਮੰਗਾਂਗਾ ਉਹ ਮੈਨੂੰ ਮਿਲੇਗੀ।” ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਬਾਜਵਾ ਨੇ ਕਿਹਾਕਿ ਤੁਸੀਂ ’ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਦਿੰਦੀ ਨਹੀਂ ਤਾਂ ਇਸ ’ਤੇ ਰਾਜਪਾਲ ਨੇ ਬੋਲੇ , ਮੈਨੂੰ ਉਮੀਦ ਹੈ ਕਿ ਹੁਣ ਸਰਕਾਰ ਜਵਾਬ ਦੇਵੇਗੀ ।

ਇਸ ਦੌਰਾਨ ਰਾਜਪਾਲ ਆਪਣੇ ਭਾਸ਼ਣ ਦੇ ਵਿਚਕਾਰ ਹੀ ਰੁੱਕ ਗਏ। ਰਾਜਪਾਲ ਬੋਲੇ ਕਿ ਮੈਨੂੰ ਆਪਣਾ ਭਾਸ਼ਣ ਪੂਰਾ ਕਰ ਲੈਣ ਦਿਓ। ਦੱਸ ਦਈਏ ਕਿ ਅੱਜ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੇ ਮੁੱਦੇ ਉਤੇ ਵੀ ਸਦਨ ਵਿੱਚ ਹੰਗਾਮਾ ਹੋ ਗਿਆ। ਇਸ ਦੌਰਾਨ ਕਾਂਗਰਸ ਵਿਧਾਇਕਾਂ ਵੱਲੋਂ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਾਕ ਆਊਟ ਕਰ ਦਿੱਤਾ। ਇਸ ਮੌਕੇ ਰਾਜਪਾਲ ਨੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਸਦਨ ਵਿਚ ਹਾਜ਼ਰ ਰਹਿ ਕੇ ਆਪਣੀ ਗੱਲ ਰੱਖਣ ਅਤੇ ਬਾਇਕਾਟ ਨਾ ਕਰਨ।

ਦੱਸ ਦਈਏ ਕਿ ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਖਿੱਚੋਤਾਣ ਦੌਰਾਨ ਸੈਸ਼ਨ ਤੂਫਾਨੀ ਹੋਣ ਦੇ ਆਸਾਰ ਹਨ। ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 10 ਮਾਰਚ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨਗੇ। ‘ਆਪ’ ਸਰਕਾਰ ਦਾ ਇਹ ਪਹਿਲਾ ਪੂਰਾ ਬਜਟ ਹੋਵੇਗਾ।