Site icon TV Punjab | Punjabi News Channel

ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਤੇ ਸਿੱਧੂ ਸਣੇ ਕਰੀਬ 25 ਨੇਤਾਵਾਂ ਦੀ ਦਿੱਲੀ ਦਰਬਾਰ ‘ਚ ਪੇਸ਼ੀ ਅੱਜ

ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ । ਅੱਜ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ।

ਇਸ ਲਈ ਪੰਜਾਬ ਤੋਂ ਕਰੀਬ 25-26 ਵਿਧਾਇਕ ਅਤੇ ਮੰਤਰੀ ਦਿੱਲੀ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਦੀ ਮੁਲਾਕਾਤ ਵਿਚ ਸਭ ਤੋਂ ਜਿਆਦਾ ਮਾਲਵੇ ਦੇ ਵਿਧਾਇਕਾਂ ਦੇ ਗਿਲੇ-ਸ਼ਿਕਵੇ ਸੁਣੇ ਜਾਣਗੇ। ਇਹ ਮੁਲਾਕਾਤ ਸਵੇਰੇ 11 ਵਜੇ ਤੋਂ ਸ਼ਾਮ ਕਰੀਬ 5 ਵਜੇ ਤੱਕ ਹੋਵੇਗੀ।
ਪਹਿਲੇ ਪੜਾਅ ’ਚ ਸਾਬਕਾ ਮੰਤਰੀ ਨਵਜੋਤ ਸਿੱਧੂ, ਮੰਤਰੀ ਸੁਖਜਿੰਦਰ ਰੰਧਾਵਾ ਮੁਲਾਕਾਤ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਕਮੇਟੀ ਨਾਲ ਪਹਿਲੇ ਪੜਾਅ ਦੀ ਗੱਲਬਾਤ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਸਪੀਕਰ ਰਾਣਾ ਕੇ. ਪੀ., ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ. ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ ਆਦਿ ਸਮੇਤ ਵਿਧਾਇਕ ਰਮਿੰਦਰ ਸਿੰਘ ਆਵਲਾ, ਗੁਰਕੀਰਤ ਸਿੰਘ ਕੋਟਲੀ, ਅਰੁਣ ਡੋਗਰਾ, ਡਾ. ਰਾਜਕੁਮਾਰ ਚੱਬੇਵਾਲ, ਰਾਜਕੁਮਾਰ ਵੇਰਕਾ, ਰਾਕੇਸ਼ ਪਾਂਡੇ, ਰਾਣਾ ਗੁਰਜੀਤ ਸਿੰਘ ਸਮੇਤ ਕਈ ਵਿਧਾਇਕ ਸ਼ਾਮਲ ਹੋਣਗੇ।

ਇਸ ਬੈਠਕ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਲਈ ਰਵਾਨਾ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਕਮੇਟੀ ਨਾਲ ਬੈਠਕ ਕਰਨਗੇ। ਹਾਲਾਂਕਿ ਵਿਧਾਇਕਾਂ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਜਾਖੜ ਮੌਜੂਦ ਰਹਿਣਗੇ, ਇਸ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਮੁਲਾਕਾਤ ਕਰਨ ਵਾਲੇ ਵਿਧਾਇਕਾਂ, ਮੰਤਰੀਆਂ ਦੀ ਸੂਚੀ ਖ਼ੁਦ ਜਾਖੜ ਨੇ ਹੀ ਤਿਆਰ ਕੀਤੀ ਹੈ। ਜਾਖੜ ਦੀ ਦਿੱਲੀ ਵਿਚ ਹਾਜ਼ਰੀ ਦੇ ਨਾਲ ਹੀ ਉਨ੍ਹਾਂ ਕਿਆਸਾਂ ’ਤੇ ਵੀ ਰੋਕ ਲੱਗ ਗਈ ਹੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਹਟਾਇਆ ਜਾ ਸਕਦਾ ਹੈ। ਹਾਲਾਂਕਿ ਹਰੀਸ਼ ਰਾਵਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਕਮੇਟੀ ਪੰਜਾਬ ਵਿਚ ਉਪਜੇ ਵਿਵਾਦ ਨੂੰ ਸ਼ਾਂਤ ਕਰਨ ਲਈ ਹੈ। ਕਮੇਟੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਬਦਲਾਅ ਕਰਨ ’ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਰਾਵਤ ਨੇ ਇਥੋਂ ਤੱਕ ਕਿਹਾ ਸੀ ਕਿ ਇਹ ਕਮੇਟੀ ਕਿਸੇ ਉਪਰ ਐਕਸ਼ਨ ਲਈ ਨਹੀਂ, ਸਗੋਂ 2022 ਦੀਆਂ ਚੋਣਾਂ ਸਬੰਧੀ ਸਾਰਿਆਂ ਨੂੰ ਐਕਸ਼ਨ ’ਚ ਲਿਆਉਣ ਦੀ ਕੋਸ਼ਿਸ਼ ਕਰੇਗੀ।    

ਗੌਰਤਲਬ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਹਾਈ ਕੋਰਟ ਵਿੱਚ ਖਾਰਜ ਹੋਣ ਤੋਂ ਬਾਅਦ ਇਨ੍ਹਾ ਨੇ ਇਹ ਇਲਜ਼ਾਮ ਲਗਾ ਕੇ ਕੈਪਟਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਇਹ ਝਗੜਾ ਦਿਨ ਪ੍ਰਤੀ ਦਿਨ ਵਧਦਾ ਗਿਆ ਅਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਇੱਕ ਦੂਜੇ ਨੂੰ ਮੈਦਾਨ ਵਿੱਚ ਵੰਗਾਰਨਾ ਸ਼ੁਰੂ ਕਰ ਦਿੱਤਾ।

Exit mobile version