ਡੈਸਕ- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਮੀਨੂ ਵਿੱਚ ਫਲ ਸ਼ਾਮਲ ਕੀਤੇ ਗਏ ਹਨ। ਨਵੇਂ ਸਾਲ (2024) ਤੋਂ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਭੋਜਨ ਦੇ ਨਾਲ ਕੇਲਾ ਵੀ ਮਿਲੇਗਾ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਮੀਨੂ ਵਿੱਚ ਮਾਮੂਲੀ ਬਦਲਾਅ ਕੀਤੇ ਹਨ। ਹੁਣ ਵਿਦਿਆਰਥੀ ਆਪਣੇ ਭੋਜਨ ‘ਚ ਕਾਲੇ ਛੋਲੇ, ਕੜ੍ਹੀ ਅਤੇ ਰਾਜਮਾ ਦਾ ਸਵਾਦ ਵੀ ਲੈ ਸਕਣਗੇ।
ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ ‘ਚ ਮਿਡ-ਡੇ-ਮੀਲ ਸਕੀਮ ਦਾ ਸੋਸ਼ਲ ਆਡਿਟ ਕਰਵਾਇਆ ਸੀ। ਜਨਤਕ ਸੁਣਵਾਈ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮਿਡ-ਡੇਅ ‘ਚ ਫਲ ਦੇਣ ਦਾ ਸੁਝਾਅ ਦਿੱਤਾ ਸੀ। ਜਿਸ ਤੋਂ ਬਾਅਦ ਫਿਰ ਸਿੱਖਿਆ ਵਿਭਾਗ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਤੱਕ ਦਾ ਨਵਾਂ ਮੀਨੂ ਜਾਰੀ ਕੀਤਾ ਗਿਆ ਹੈ।
ਵਿਭਾਗ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਫਲਾਂ ਲਈ 5 ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਜਾਰੀ ਕਰੇਗਾ। ਰਾਜ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ 17 ਲੱਖ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਕੰਮ ਵਿੱਚ 42 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਸਕੂਲ ਕਮੇਟੀਆਂ ਹਰ ਚੀਜ਼ ‘ਤੇ ਨਜ਼ਰ ਰੱਖਣਗੀਆਂ।
ਸੋਮਵਾਰ – ਦਾਲ (ਮੌਸਮੀ ਸਬਜ਼ੀਆਂ ਮਿਲਾ ਕੇ), ਰੋਟੀ ਅਤੇ ਕੇਲਾ
ਮੰਗਲਵਾਰ- ਰਾਜਮਾ ਅਤੇ ਚੌਲ
ਬੁੱਧਵਾਰ- ਕਾਲੇ ਚਨੇ ਚਿੱਟੇ ਚਨੇ ਆਲੂ ਦੇ ਨਾਲ ਮਿਲਾ ਕੇ, ਪੂੜੀ
ਵੀਰਵਾਰ- ਕੜ੍ਹੀ (ਆਲੂ, ਪਿਆਜ਼ ਅਤੇ ਪਕੌੜਿਆਂ ਦੇ ਨਾਲ), ਚੌਲ
ਸ਼ੁੱਕਰਵਾਰ- ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ- ਮੌਸਮੀ ਸਬਜ਼ੀਆਂ ਅਤੇ ਚੌਲਾਂ ਦੇ ਨਾਲ ਦਾਲ