ਬੱਬਰ ਅਕਾਲੀ ਲਹਿਰ ਤੇ ਕਿਸਾਨ ਸੰਘਰਸ਼ ਨੂੰ ਸਮਰਪਤ ਹੋਵੇਗਾ ਮੇਲਾ ਗ਼ਦਰੀ ਬਾਬਿਆਂ ਦਾ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 31 ਅਕਤੂਬਰ ਅਤੇ 1 ਨਵੰਬਰ ਨੂੰ ਮਨਾਇਆ ਜਾਣ ਵਾਲਾ ਦੋ ਰੋਜ਼ਾ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ, ਖੇਤੀ ਕਾਨੂੰਨਾਂ ਖਿਲਾਫ਼ ਲੜੇ ਜਾ ਰਹੇ ਸ਼ਾਨਾਮੱਤੇ ਕਿਸਾਨ ਸੰਘਰਸ਼ ਨੂੰ ਸਮਰਪਤ ਹੋਵੇਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ‘ਚ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਮੀਟਿੰਗ ‘ਚ ਤਿਆਰੀ ਮੁਹਿੰਮ ਅਤੇ ਮੇਲੇ ਸਬੰਧੀ ਲਏ ਮਹੱਤਵਪੂਰਨ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ‘ਚ ਜਿੱਥੇ ਬੱਬਰ ਅਕਾਲੀ ਲਹਿਰ ਦੀ ਇਤਿਹਾਸਕ ਪ੍ਰਸੰਗਕਤਾ ਨੂੰ ਉਭਾਰਿਆ ਜਾਏਗਾ, ਉਥੇ ਮਹਾਨ ਬੱਬਰ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਿੰਡਾਂ ਵਿਚ ਢੁਕਵੀਆਂ ਸ਼ਕਲਾਂ ਰਾਹੀਂ ਨਗਰਾਂ ਦੇ ਸਹਿਯੋਗ ਨਾਲ ਸਮਾਗਮ, ਵਿਚਾਰ-ਚਰਚਾ, ਕਾਫ਼ਲੇ, ਨੁੱਕੜ ਨਾਟਕ ਅਤੇ ਜਾਗੋਆਂ ਕੱਢਕੇ ਬੱਬਰ ਦੇਸ਼ ਭਗਤਾਂ ਦੀ ਕਰਨੀ ਨੂੰ ਸਿਜਦਾ ਕਰਦੇ ਹੋਏ, ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਜਦੋਜਹਿਦ ਜਾਰੀ ਰੱਖਣ ਦਾ ਅਹਿਦ ਕੀਤਾ ਜਾਏਗਾ।

ਉਹਨਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 31 ਅਕਤੂਬਰ ਨੂੰ ਕਿਸਾਨ ਅੰਦੋਲਨ ਅਤੇ ਬੱਬਰ ਅਕਾਲੀ ਲਹਿਰ ਉਪਰ ਵਿਚਾਰ-ਚਰਚਾ ਹੋਏਗੀ। ਉਪਰੰਤ ਕਵੀ ਦਰਬਾਰ ਹੋਏਗਾ ਅਤੇ ਸ਼ਾਮ ਮੇਲੇ ਦੀ ਰੂਹ ਨਾਲ ਆਤਮ ਸਾਤ ਹੁੰਦੀ ਦਸਤਾਵੇਜ਼ੀ ਫ਼ਿਲਮ ਹੋਏਗੀ। ਪਹਿਲੀ ਨਵੰਬਰ ਸਵੇਰੇ 10:30 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਅਦਾ ਕਰਨਗੇ।

ਇਸ ਉਪਰੰਤ ਸਾਰਾ ਦਿਨ ਬਹੁ-ਕਲਾਵਾਂ ਦੇ ਸੁਮੇਲ ਦਾ ਰੰਗ ਬਿਖੇਰਦਾ ਹੋਇਆ ਮੇਲਾ ਪਹਿਲੀ ਨਵੰਬਰ ਦੀ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ ਪੇਸ਼ ਕਰੇਗਾ। ਜ਼ਿਕਰਯੋਗ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅੱਗੇ ਘਾਹ ਪਾਰਕ ਵਿੱਚ ਪੁਸਤਕ ਪ੍ਰਦਰਸ਼ਨੀ 30 ਅਕਤੂਬਰ ਬਾਅਦ ਦੁਪਹਿਰ ਤੋਂ ਸ਼ੁਰੂ ਹੋ ਕੇ 2 ਨਵੰਬਰ ਸਰਘੀ ਵੇਲੇ ਤੱਕ ਨਿਰੰਤਰ ਜਾਰੀ ਰਹੇਗੀ।

ਟੀਵੀ ਪੰਜਾਬ ਬਿਊਰੋ