ਦਿੱਲੀ- ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਅਸਲ ਚ ਪਹਿਲੀ ਵਾਰ ਵੱਡੀ ਸਫਲਤਾ ਮਿਲਦੀ ਦਿਖ ਰਹੀ ਹੈ ।ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਪੁਲਿਸ ਨੇ ਅਦਾਲਤ ਵਿਚ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਹਨ। ਉਸ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਦੀ ਮੰਗ ਵਾਲੀ ਪੰਜਾਬ ਪੁਲਿਸ ਦੀ ਅਰਜ਼ੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਦਾਲਤ ਲਾਰੈਂਸ ਨੂੰ ਪੰਜਾਬ ਲਿਜਾਣ ਦੀ ਮੰਗ ‘ਤੇ ਵਿਚਾਰ ਕਰ ਰਹੀ ਹੈ। ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਫਿਲਹਾਲ ਗ੍ਰਿਫ਼ਤਾਰ ਹੀ ਕਰ ਸਕਦੀ ਹੈ ਪਰ ਪੁਲਿਸ ਬਿਸ਼ਨੋਈ ਪੰਜਾਬ ਲੈ ਕੇ ਜਾ ਸਕਦੀ ਹੈ ਜਾਂ ਨਹੀਂ ਇਸ ‘ਤੇ ਹਜੇ ਫ਼ੈਸਾਲ ਆਉਣਾ ਬਾਕੀ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਿੱਲੀ ਦੀ ਅਦਾਲਤ ‘ਚ ਅਰਜ਼ੀ ਦੇ ਕੇ ਪੁੱਛ-ਪੜਤਾਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਹੈ। ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲਿਸ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ ਅਤੇ ਕਿਹਾ ਹੈ ਕਿ ਉਸ ਦਾ ਝੂਠਾ ਪੁਲਿਸ ਮੁਕਾਬਲਾ ਹੋ ਸਕਦਾ ਹੈ। ਪੰਜਾਬ ਪੁਲਿਸ ਨੇ ਅਜਿਹੇ ਕਿਸੇ ਖਦਸ਼ੇ ਨੂੰ ਰੱਦ ਕਰਦਿਆ ਕਿਹਾ ਹੈ ਕਿ ਉਸ ਕੋਲ ਬਿਸ਼ਨੋਈ ਦੀ ਸੁਰੱਖਿਅਤ ਦੇ ਮਜ਼ਬੂਤ ਪ੍ਰਬੰਧ ਹਨ।